ਭਦੋਹੀ (ਯੂਪੀ), 7 ਸਤੰਬਰ
ਇੱਕ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰਨ ਦੇ ਦੋਸ਼ ਹੇਠ ਪੁਲੀਸ ਨੇ ਸਥਾਨਕ ਭਾਜਪਾ ਆਗੂ ਸਣੇ 21 ਹੋਰ ਮੁਲਜ਼ਮਾਂ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਮਾਮਲੇ ਸਬੰਧੀ 7 ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਏਐੱਸਪੀ ਰਾਜੇਸ਼ ਭਾਰਤੀ ਨੇ ਦੱਸਿਆ ਕਿ ਮੰਗਵਾਰ ਦੁਪਹਿਰ ਵੇਲੇ ਕਟੜਾ ਬਾਜ਼ਾਰ ਦੇ ਰਸੂਲੀਅਤ ਖ਼ਾਨ ਮੁਹੱਲੇ ਵਿੱਚ ਮੁਸਤਕੀਮ ਦੀ ਇੱਕ ਬੱਕਰੀ ਉਸ ਦੇ ਸਾਹਮਣੇ ਵਾਲੇ ਮਕਾਨ ’ਚ ਰਹਿੰਦੇ ਸੰਦੀਪ ਦੇ ਚਬੂਤਰੇ ’ਤੇ ਚੜ੍ਹ ਗਈ, ਜਿਸ ਨੂੰ ਸੰਦੀਪ ਨੇ ਕੁੱਟ ਕੇ ਭਜਾ ਦਿੱਤਾ। ਮੁਸਤਕੀਮ ਦੇ ਪੁੱਤਰਾਂ ਸਲਮਾਨ ਅਤੇ ਆਫ਼ਤਾਬ ਨੇ ਬੱਕਰੀ ਨੂੰ ਕੁੱਟਣ ਦਾ ਵਿਰੋਧ ਕੀਤਾ, ਜਿਸ ’ਤੇ ਥੋੜੇ ਝਗੜੇ ਮਗਰੋਂ ਮਾਮਲਾ ਸ਼ਾਂਤ ਹੋ ਗਿਆ। ਉਨ੍ਹਾਂ ਦੱਸਿਆ ਕਿ ਰਾਤ 10 ਵਜੇ ਦੇ ਬਾਅਦ ਸੰਦੀਪ ਨੇ ਆਪਣੇ ਸਾਥੀਆਂ ਸਮੇਤ ਮੁਸਤਕੀਮ ਦੇ ਘਰ ਦਾ ਦਰਵਾਜ਼ਾ ਖੜਕਾਇਆ। ਇਸੇ ਦੌਰਾਨ ਭਾਜਪਾ ਆਗੂ ਅਤੇ ਭਦੋਹੀ ਨਗਰ ਪਾਲਿਕਾ ਦੇ ਪ੍ਰਧਾਨ ਅਸ਼ੋਕ ਕੁਮਾਰ ਜੈਸਵਾਲ ਵੀ ਹੋਰ ਲੋਕਾਂ ਨਾਲ ਮੁਸਤਕੀਮ ਦੇ ਘਰ ਵਿੱਚ ਦਾਖ਼ਲ ਹੋਏ ਅਤੇ ਪਰਿਵਾਰ ਦੀ ਕੁੱਟਮਾਰ ਕਰਨ ਲੱਗੇ। ਘਟਨਾ ਦੌਰਾਨ ਗੁੱਝੀ ਸੱਟ ਲੱਗਣ ਕਾਰਨ ਮੁਸਤਕੀਮ ਦੀ ਮੌਤ ਹੋ ਗਈ, ਜਦ ਕਿ ਉਸ ਦੇ ਪੁੱਤਰ ਸਲਮਾਨ ਤੇ ਆਫ਼ਤਾਬ ਅਤੇ ਧੀਆਂ ਸ਼ੀਬਾ ਤੇ ਸ਼ਬਨਮ ਜ਼ਖ਼ਮੀ ਹੋ ਗਈਆਂ, ਜੋ ਜ਼ੇਰੇ ਇਲਾਜ ਹਨ। ਪੁਲੀਸ ਨੇ ਮੁਸਤਕੀਮ ਦੀ ਪਤਨੀ ਦੀ ਮੋਮਿਨਾ ਬੇਗਮ ਦੀ ਸ਼ਿਕਾਇਤ ’ਤੇ ਭਾਜਪਾ ਆਗੂ ਸਣੇ ਨਾਮਜ਼ਦ ਸੱਤ ਵਿਅਕਤੀਆਂ ਤੇ 15 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। -ਪੀਟੀਆਈ