ਅੰਕਾਰਾ, 1 ਜੁਲਾਈ
ਤੁਰਕੀ ਦੀ ਪੂਰਬੀ ਝੀਲ ਵਿੱਚ ਪਿਛਲੇ ਹਫ਼ਤੇ ਕਿਸ਼ਤੀ ਡੁੱਬਣ ਨਾਲ ਇਸ ਵਿੱਚ ਸਵਾਰ 60 ਦੇ ਕਰੀਬ ਪਰਵਾਸੀਆਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਪਰਵਾਸੀਆਂ ਨਾਲ ਲੱਦੀ ਕਿਸ਼ਤੀ 27 ਜੂਨ ਨੂੰ ਲੇਕ ਵੈਨ ਵਿੱਚ ਲਾਪਤਾ ਹੋ ਗਈ ਸੀ। ਹੈਲੀਕਾਪਟਰਾਂ ਤੇ ਕਿਸ਼ਤੀਆਂ ਦੀ ਮਦਦ ਨਾਲ ਵਿੱਢੇ ਖੋਜੀ ਤੇ ਰਾਹਤ ਮਿਸ਼ਨ ਮਗਰੋਂ ਹੁਣ ਤਕ ਝੀਲ ’ਚੋਂ ਛੇ ਪਰਵਾਸੀਆਂ ਦੀਆਂ ਲਾਸ਼ਾਂ ਕੱਢ ਲਈਆਂ ਗਈਆਂ ਹਨ। ਰਾਹਤ ਕਾਰਜਾਂ ਦੀ ਖੁਦ ਨਿਗਰਾਨੀ ਰੱਖ ਰਹੇ ਗ੍ਰਹਿ ਮੰਤਰੀ ਸੁਲੇਮਾਨ ਸੋਏਲੂ ਨੇ ਕਿਹਾ ਕਿ ਅਥਾਰਿਟੀਜ਼ ਦੇ ਅਨੁਮਾਨਾਂ ਮੁਤਾਬਕ ਕਿਸ਼ਤੀ ’ਤੇ 55 ਤੋਂ 60 ਪਰਵਾਸੀ ਸਵਾਰ ਸਨ ਤੇ ਮੌਸਮ ਖ਼ਰਾਬ ਹੋਣ ਕਰਕੇ ਕਿਸ਼ਤੀ ਪਲਟ ਗਈ। ਹਾਦਸੇ ਦੇ ਸਬੰਧ ਵਿੱਚ ਹੁਣ ਤਕ ਕੁੱਲ ਮਿਲਾ ਕੇ 11 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਹੈਬਰਤੁਰਕ ਟੈਲੀਵਿਜ਼ਨ ਨੇ ਕਿਹਾ ਕਿ ਕਿਸ਼ਤੀ ’ਤੇ ਸਵਾਰ ਪਰਵਾਸੀਆਂ ’ਚੋਂ ਵੱਡੀ ਗਿਣਤੀ ਪਾਕਿਸਤਾਨ, ਅਫ਼ਗਾਨਿਸਤਾਨ ਤੇ ਇਰਾਕ ਨਾਲ ਸਬੰਧਤ ਸਨ।