ਬਲੀਆ(ਯੂਪੀ), 28 ਮਈ
ਉੱਤਰ ਪ੍ਰਦੇਸ਼ ਤੋਂ ਭਾਜਪਾ ਵਿਧਾਇਕ ਸੁਰਿੰਦਰ ਸਿੰਘ ਨੇ ਐਲੋਪੈਥੀ ਬਾਰੇ ਦਿੱਤੇ ਵਿਵਾਦਿਤ ਬਿਆਨ ਲਈ ਯੋਗ ਗੁਰੂ ਦੀ ਪਿੱਠ ’ਤੇ ਆਉਂਦਿਆਂ ਕਿਹਾ ਕਿ ਰਾਮਦੇਵ ਭਾਰਤੀ ਮੈਡੀਸਨ ਪ੍ਰਣਾਲੀ ਦਾ ਝੰਡਾ ਬਰਦਾਰ ਹੈ। ਸਿੰਘ ਨੇ ਕਿਹਾ ਕਿ ਕੁਝ ਡਾਕਟਰ ‘ਸ਼ੈਤਾਨਾਂ’ ਵਾਂਗ ਹਨ।
ਬੈਰੀਆ ਦੇ ਸੋਨਬਰਸਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਨੇ ਕਿਹਾ ਕਿ ਜਿਹੜੇ ਡਾਕਟਰ ਮਰੇ ਹੋਏ ਵਿਅਕਤੀ ਨੂੰ ਆਈਸੀਯੂ ਵਿੱਚ ਜਿਊਂਦਾ ਦੱਸ ਕੇ ਪੈਸੇ ਵਸੂਲਦੇ ਹਨ, ਉਨ੍ਹਾਂ ਨੂੰ ਤਾਂ ਸਿਰਫ਼ ‘ਸ਼ੈਤਾਨ’ ਹੀ ਆਖਿਆ ਜਾ ਸਕਦਾ ਹੈ। ਬੈਰੀਆ ਤੋਂ ਵਿਧਾਇਕ ਸਿੰਘ ਨੇ ਇਕ ਫੇਸਬੁੱਕ ਪੋਸਟ ’ਚ ਕਿਹਾ, ‘‘ਮੌਜੂਦਾ ਮੈਡੀਕਲ ਪ੍ਰਣਾਲੀ ਨੂੰ ਮਹਿੰਗੀ ਬਣਾ ਕੇ ਸਮਾਜ ਨੂੰ ਲੁੱਟਣ ਵਾਲੇ ਹੁਣ ਨੈਤਿਕਤਾ ਦਾ ਪਾਠ ਪੜ੍ਹਾ ਰਹੇ ਹਨ। ਐਲੋਪੈਥੀ ਖੇਤਰ ਦੇ ਜਿਹੜੇ ਲੋਕ 10 ਰੁਪਏ ਦੀ ਗੋਲੀ ਨੂੰ 100 ਰੁਪਏ ਵਿੱਚ ਵੇਚਦੇ ਹਨ, ਉਹ ਚਿੱਟੇ ਕੱਪੜਿਆਂ ਵਿੱਚ ਅਪਰਾਧੀ ਹਨ। ਉਹ ਸਮਾਜ ਦਾ ਭਲਾ ਸੋਚਣ ਵਾਲਿਆਂ ’ਚੋਂ ਨਹੀਂ।’ ਸਿੰਘ ਨੇ ਹਾਲਾਂਕਿ ਕਿਹਾ ਕਿ ਐਲੋਪੈਥੀ ਤੇ ਆਯੁਰਵੇਦਾ ਦੋਵੇਂ ਮਦਦਗਾਰ ਹਨ। ਭਾਜਪਾ ਵਿਧਾਇਕ ਨੇ ਕਿਹਾ, ‘‘ਐਲੋਪੈਥੀ ਜੇਕਰ ਫਾਇਦੇਮੰਦ ਹੈ ਤਾਂ ਆਯੁਰਵੈਦ ਵੀ ਘੱਟ ਨਹੀਂ। ਡਾਕਟਰਾਂ ਨੂੰ ਇਸੇ ਸੰਵੇਦਨਾ ਨਾਲ ਬਿਮਾਰ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ।’’ ਭਾਜਪਾ ਵਿਧਾਇਕ ਨੇ ਇਕ ਦੂਜੀ ਪੋਸਟ ਵਿੱਚ ਕਿਹਾ, ‘ਮੈਂ ਭਾਰਤੀ ਮੈਡੀਕਲ ਪ੍ਰਣਾਲੀ ਦੇ ਝੰਡਾਬਰਦਾਰ ਰਾਮਦੇਵ ਜੀ ਨੂੰ ਦਿਲੋਂ ਵਧਾਈ ਦਿੰਦਾ ਹਾਂ। ਉਨ੍ਹਾਂ ਆਯੁਰਵੈਦ ਜ਼ਰੀਏ ‘ਸਵਸਥ ਭਾਰਤ, ਸਮਰੱਥ ਭਾਰਤ ਅਭਿਆਨ’ ਚਲਾਇਆ ਸੀ। ਸਿਆਸਤ ਤੋਂ ਸੇਵਾ ਮੁਕਤ ਹੋਇਆ ਤਾਂ ਮੈਂ ਇਸ ਦੇ ਪ੍ਰਚਾਰ ਪਾਸਾਰ ਦੀ ਜ਼ਿੰਮੇਵਾਰੀ ਲਵਾਂਗਾ।’ -ਪੀਟੀਆਈ