ਨਵੀਂ ਦਿੱਲੀ: ਨੀਤੀ ਆਯੋਗ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਨੇ ਅੱਜ ਕਿਹਾ ਕਿ ਖੇਤੀ ਕਾਨੂੰਨਾਂ ਬਾਰੇ ਘੜੀਆਂ ਜਾ ਰਹੀਆਂ ਝੂਠੀਆਂ ਕਹਾਣੀਆਂ ਕਿਸਾਨਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ ਤੇ ਨਾਲ ਹੀ ਆਰਥਿਕਤਾ ਦਾ ਨੁਕਸਾਨ ਵੀ ਹੋ ਰਿਹਾ ਹੈ। ਉਨ੍ਹਾਂ ਕੁਝ ਆਰਥਿਕ ਮਾਹਿਰਾਂ ਵੱਲੋਂ ਨਵੇਂ ਕਾਨੂੰਨਾਂ ਬਾਰੇ ਆਪਣਾ ਰੁਖ਼ ਬਦਲਣ ’ਤੇ ਨਾਖ਼ੁਸ਼ੀ ਜ਼ਾਹਿਰ ਕੀਤੀ। ਰਾਜੀਵ ਕੁਮਾਰ ਨੇ ਜ਼ੋਰ ਦੇ ਕੇ ਕਿਹਾ ਕਿ ਮੁਜ਼ਾਹਰਾਕਾਰੀ ਕਿਸਾਨਾਂ ਨਾਲ ਲਗਾਤਾਰ ਰਾਬਤਾ ਹੱਲ ਵੱਲ ਅੱਗੇ ਵਧਣ ਦਾ ਰਸਤਾ ਹੈ। ਉਨ੍ਹਾਂ ਕਿਹਾ ‘ਅਜਿਹਾ ਕੋਈ ਵੀ ਤਰਕ ਜਿਹੜਾ ਕਹਿੰਦਾ ਹੈ ਕਿ ਨਵੇਂ ਕਾਨੂੰਨ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਦਾ ਸ਼ੋਸ਼ਣ ਕਰਨ ਦੀ ਖੁੱਲ੍ਹ ਦੇ ਦੇਣਗੇ, ਪੂਰੀ ਤਰ੍ਹਾਂ ਗਲਤ ਹੈ ਕਿਉਂਕਿ ਸਰਕਾਰ ਨੇ ਕਈ ਤਰ੍ਹਾਂ ਦੀਆਂ ਫ਼ਸਲਾਂ ਉਤੇ ਸਾਰੇ ਕਿਸਾਨਾਂ ਨੂੰ ਐਮਐੱਸਪੀ ਦਾ ਭਰੋਸਾ ਦਿਵਾਇਆ ਹੈ।’ ਸਾਬਕਾ ਮੁੱਖ ਆਰਥਿਕ ਸਲਾਹਕਾਰ ਕੌਸ਼ਿਕ ਬਾਸੂ ਦਾ ਜ਼ਿਕਰ ਕਰਦਿਆਂ ਰਾਜੀਵ ਨੇ ਕਿਹਾ ਕਿ ਉਹ ਪਹਿਲਾਂ ਖੇਤੀ ਸੁਧਾਰਾਂ ਦੀ ਵਕਾਲਤ ਕਰਦੇ ਰਹੇ ਹਨ, ਪਰ ਹੁਣ ਉਨ੍ਹਾਂ ਰੁਖ਼ ਬਦਲ ਲਿਆ ਹੈ ਤੇ ਵੱਖੋ-ਵੱਖਰੀ ਭਾਸ਼ਾ ਬੋਲ ਰਹੇ ਹਨ। ਜ਼ਿਕਰਯੋਗ ਹੈ ਕਿ ਬਾਸੂ ਨੇ ਇਕ ਹੋਰ ਅਰਥਸ਼ਾਸਤਰੀ ਨਿਰਵਿਕਾਰ ਸਿੰਘ ਨਾਲ ਲਿਖੇ ਇਕ ਲੇਖ ਵਿਚ ਕਿਹਾ ਹੈ ਕਿ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ। ਉਨ੍ਹਾਂ ਲੇਖ ਵਿਚ ਨਵੇਂ ਕਾਨੂੰਨਾਂ ਦਾ ਖਰੜਾ ਮੁੜ ਤਿਆਰ ਕਰਨ ਲਈ ਕਿਹਾ ਹੈ ਜੋ ਕਿ ਪ੍ਰਭਾਵੀ ਤੇ ਨਿਰਪੱਖ ਹੋਣ ਤੇ ਉਨ੍ਹਾਂ ਵਿਚ ਕਿਸਾਨਾਂ ਦੇ ਨਜ਼ਰੀਏ ਨੂੰ ਪਹਿਲ ਦਿੱਤੀ ਜਾਵੇ।
-ਪੀਟੀਆਈ