ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਅਪਰੈਲ
ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ’ਤੇ ਉਨ੍ਹਾਂ ਵੱਲੋਂ ਸਮਾਜ ਸੁਧਾਰ ਲਈ ਕੀਤੇ ਕਾਰਜਾਂ ਦੀ ਵਿਆਖਿਆ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੰਗਰੂਰ ਇਕਾਈ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜ਼ਿਲ੍ਹਾ ਬਠਿੰਡਾ ਦੇ ਆਗੂ ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਦੇ ਤੌਰ ’ਤੇ ਅੰਬੇਡਕਰ ਦੇ ਆਪਣੇ ਕਥਨ ਸਨ ਕਿ ‘ਜੇ ਇਸ ਦੀ ਦੁਰਵਰਤੋਂ ਹੁੰਦੀ ਹੈ ਤਾਂ ਇਸ ਨੂੰ ਸਾੜਨ ਵਾਲਾ ਪਹਿਲਾ ਵਿਅਕਤੀ ਮੈਂ ਹੀ ਹੋਵਾਂਗਾ।’
ਉਨ੍ਹਾਂ ਨੂੰ ਪਹਿਲਾਂ ਹੀ ਸ਼ੰਕਾ ਸੀ ਕਿ ਦੇਸ਼ ਦੇ ‘ਚਲਾਕ ਸਰਮਾਏਦਾਰ ਹਾਕਮ’ ਉਨ੍ਹਾਂ ਦੇ ਹੀ ਸੰਵਿਧਾਨ ਨੂੰ ਦੇਸ਼ ਦੀ ਕਿਰਤ ਜਮਾਤ ਦਾ ਰੱਤ ਨਿਚੋੜਨ ਦਾ ਸਾਧਨ ਬਣਾ ਲੈਣਗੇ। ਦੇਸ਼ ਦੀ ਕਿਰਤੀ ਜਮਾਤ ਦੇ ਹੱਕ ’ਚ ਲਿਖੇ ਕਾਨੂੰਨ ਹਾਕਮ ਲਾਗੂ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਨੇ ਸਾਮਰਾਜ ਦੇ ਦਾਬੇ ਹੇਠ ਕਾਰਪੋਰੇਟ ਘਰਾਣਿਆਂ, ਪੂੰਜੀਪਤੀਆਂ ਅਤੇ ਜਗੀਰਦਾਰਾਂ ਦਾ ਪੱਖ ਹੀ ਪੂਰਿਆ ਹੈ। ਦੇਸ਼ ਦਾ ਕਿਸਾਨ, ਮਜ਼ਦੂਰ ਅਤੇ ਦੁਕਾਨਦਾਰ ਨੂੰ ਸਿੱਖਿਆ, ਸਿਹਤ ਸੁਰੱਖਿਆ ਅਤੇ ਸਨਮਾਨ ਤੋਂ ਵਿਰਵਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਨ ਮੌਜੂਦਾ ਸਮੇਂ ਸਾਰੇ ਦੇਸ਼ ਦੇ ਕਿਸਾਨ, ਮਜ਼ਦੂਰ, ਦੁਕਾਨਦਾਰ ਅਤੇ ਛੋਟੇ ਕਾਰੋਬਾਰੀ ਦੇਸ਼ੀ-ਵਿਦੇਸ਼ੀ ਸਰਮਾਏਦਾਰਾਂ ਦੇ ਵਾਰੇ-ਨਿਆਰੇ ਕਰਨ ਵਾਲੇ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਦੇ ਮੈਦਾਨ ਵਿੱਚ ਹਨ।
ਉਨ੍ਹਾਂ ਕਿਹਾ ਕਿ ਆਪਣੀ ਆਰਥਿਕ-ਮੁਕਤੀ ਅਤੇ ਰੁਜ਼ਗਾਰ ਬਚਾਉਣ ਲਈ ਦੇਸ਼ ਦੀ ਜਨਤਾ ਨੂੰ ਅੰਦੋਲਨ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਤੋਂ ਕਣਕ ਦੀ ਕਟਾਈ ਸਾਂਭ-ਸੰਭਾਲ ਦਾ ਕੰਮ ਖ਼ਤਮ ਹੁੰਦਿਆਂ ਹੀ ਵੱਡੇ ਕਾਫ਼ਲਿਆਂ ’ਚ ਕਿਸਾਨ, ਮਜ਼ਦੂਰ ਤੇ ਹੋਰ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣਗੇ ਅਤੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਡਟੇ ਰਹਿਣਗੇ। ਇਸ ਮੌਕੇ ਕਈ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।