ਸਾਗਰ, 6 ਜੂਨ
ਇੱਥੋਂ ਦੇ ਸਰਕਾਰੀ ਬੁੰਦੇਲਖੰਡ ਮੈਡੀਕਲ ਕਾਲਜ (ਬੀਐੱਮਸੀ) ਵਿੱਚ ਬਲੈਕ ਫੰਗਸ ਪੀੜਤ 27 ਮਰੀਜ਼ ਐਮਫੋਟੈਰੀਸਿਨ ਦੇ ਇੰਜੈਕਸ਼ਨ ਲੱਗਣ ਮਗਰੋਂ ਬਿਮਾਰ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਸਾਰਿਆਂ ਦੀ ਹਾਲਤ ਸਥਿਰ ਹੈ। ਸ਼ਨਿਚਰਵਾਰ ਸ਼ਾਮੀਂ ਵਾਪਰੀ ਇਸ ਘਟਨਾ ਮਗਰੋਂ ਇਸ ਇੰਜੈਕਸ਼ਨ ਦੀ ਵਰਤੋਂ ਬੰਦ ਕਰ ਦਿੱਤੀ ਗਈ। ਬੀਐੱਮਸੀ ਦੇ ਪੀਆਰਓ ਡਾ. ਉਮੇਸ਼ ਪਟੇਲ ਨੇ ਦੱਸਿਆ ਕਿ ਮਿਊਕਰਮਾਇਕੋਸਿਸ ਵਾਰਡ ਵਿੱਚ ਦਾਖ਼ਲ 42 ’ਚੋਂ 27 ਮਰੀਜ਼ਾਂ ਨੂੰ ਸ਼ਨਿਚਰਵਾਰ ਸ਼ਾਮ ਨੂੰ ਲਗਪਗ 6 ਵਜੇ ਐਮਫੋਟੈਰੀਸਿਨ ਦੇ ਇੰਜੈਕਸ਼ਨ ਲਾਏ ਗਏ ਸਨ। ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਇਹ ਇੰਜੈਕਸ਼ਨ ਲਾਉਣ ਤੋਂ ਤੁਰੰਤ ਬਾਅਦ ਹੀ ਮਰੀਜ਼ਾਂ ਨੇ ਹਲਕੇ ਬੁਖ਼ਾਰ, ਕਾਂਬੇ ਤੇ ਉਲਟੀਆਂ ਲੱਗਣ ਦੀ ਸ਼ਿਕਾਇਤ ਕੀਤੀ, ਜਿਸ ਤੋਂ ਤੁਰੰਤ ਬਾਅਦ ਇਸ ਇੰਜੈਕਸ਼ਨ ਦੀ ਵਰਤੋਂ ਰੋਕ ਦਿੱਤੀ ਗਈ। ਹਸਪਤਾਲ ਦੇ ਇੱਕ ਹੋਰ ਡਾਕਟਰ ਨੇ ਦੱਸਿਆ ਕਿ ਬਲੈਕ ਫੰਗਸ ਦੇ ਇਲਾਜ ਲਈ ਲਗਪਗ 300 ਤੋਂ 350 ਇੰਜੈਕਸ਼ਨ ਮੱਧ ਪ੍ਰਦੇਸ਼ ਸਰਕਾਰ ਵੱਲੋਂ ਦੋ ਦਿਨ ਪਹਿਲਾਂ ਮੁਹੱਈਆ ਕਰਵਾਏ ਗਏ ਸਨ। ਇਹ ਇੰਜੈਕਸ਼ਨ ਵੱਖਰੇ ਬਰਾਂਡ ਦੇ ਸਨ। ਇਸ ਤੋਂ ਪਹਿਲਾਂ ਮਰੀਜ਼ਾਂ ਨੂੰ ਕਿਸੇ ਹੋਰ ਬਰਾਂਡ ਦੇ ਇੰਜੈਕਸ਼ਨ ਲਾਏ ਜਾਂਦੇ ਸਨ। -ਪੀਟੀਆਈ