ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 28 ਅਪਰੈਲ: ਭਾਰਤ ਦੇ ਪੀਐੱਸਐੱਲਵੀ ਸੀ-51 ਰਾਹੀਂ ਬ੍ਰਾਜ਼ੀਲ ਦੇ ਐਮੇਜ਼ੋਨੀਆ-1 ਅਤੇ 18 ਹੋਰ ਉਪਗ੍ਰਹਿ ਅੱਜ ਇੱਥੇ ਸ੍ਰੀਹਰੀਕੋਟਾ ਪੁਲਾੜ ਕੇਂਦਰ ਤੋਂ ਕਾਮਯਾਬੀ ਨਾਲ ਲਾਂਚ ਕੀਤੇ ਗਏ। ਇਹ ਇਸਰੋ ਦਾ ਇਸ ਸਾਲ ਦਾ ਪਹਿਲਾ ਮਿਸ਼ਨ ਹੈ। ਪੀਐੱਸਐੱਲਵੀ-ਸੀ-51 ਨੇ ਸਤੀਸ਼ ਧਵਨ ਪੁਲਾੜ ਕੇਂਦਰ ਦੇ ਪਹਿਲੇ ਲਾਂਚ ਪੈਡ ਤੋਂ ਕਰੀਬ 10.24 ਵਜੇ ਉਡਾਣ ਭਰੀ ਅਤੇ ਸਭ ਤੋਂ ਪਹਿਲਾਂ ਕਰੀਬ 17 ਮਿੰਟ ਮਗਰੋਂ ਮੁੱਢਲੇ ਪੇਲੋਡ ਐਮੇਜ਼ੋਨੀਆ-1 ਨੂੰ ਪੰਧ ’ਚ ਸਥਾਪਤ ਕੀਤਾ। ਕਰੀਬ ਡੇਢ ਘੰਟੇ ਮਗਰੋਂ ਹੋਰ ਉਪਗ੍ਰਹਿ ਆਪੋ-ਆਪਣੇ ਪੰਧ ’ਚ ਸਥਾਪਤ ਕੀਤੇ ਗਏ। ਇਨ੍ਹਾਂ ਉਪ ਗ੍ਰਹਿਆਂ ’ਚ ਚੇਨੱਈ ਦੀ ਸਪੇਸ ਕਿੱਡਜ਼ ਇੰਡੀਆ (ਐੱਸਕੇਆਈ) ਦਾ ਉਪ ਗ੍ਰਹਿ ਵੀ ਸ਼ਾਮਲ ਹੈ ਜਿਸ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਉੱਕਰੀ ਹੋਈ ਹੈ। ਐੱਸਕੇਆਈ ਦਾ ਸਤੀਸ਼ ਧਵਨ ਉੱਪਗ੍ਰਹਿ (ਐੱਸਡੀ-ਸੈਟ) ਸੁਰੱਖਿਅਤ ਡਿਜੀਟਲ ਕਾਰਡ ਰੂਪ ’ਚ ਭਗਵਦ ਗੀਤਾ ਵੀ ਆਪਣੇ ਨਾਲ ਲੈ ਗਿਆ ਹੈ। ਇਸਰੋ ਦੇ ਮੁਖੀ ਕੇ ਸਿਵਨ ਨੇ ਮਿਸ਼ਨ ਦੇ ਕਾਮਯਾਬ ਹੋਣ ਦਾ ਐਲਾਨ ਕੀਤਾ ਅਤੇ ਦੱਸਿਆ ਕਿ ਸਾਰੇ ਉਪ ਗ੍ਰਹਿਆਂ ਨੂੰ ਉਨ੍ਹਾਂ ਦੇ ਪੰਧ ’ਚ ਸਥਾਪਤ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਬ੍ਰਾਜ਼ੀਲ ਦੇ ਵਿਗਿਆਨ, ਤਕਨੀਕ ਅਤੇ ਨਵੀਆਂ ਖੋਜਾਂ ਬਾਰੇ ਮੰਤਰੀ ਮਾਰਕੋਸ ਪੌਂਟੈਸ ਨੇ ਕਿਹਾ ਕਿ ਇਸਰੋ ਵੱਲੋਂ ਬ੍ਰਾਜ਼ੀਲ ਦੇ ਐਮੇਜ਼ੋਨੀਆ-1 ਉਪਗ੍ਰਹਿ ਨੂੰ ਕਾਮਯਾਬੀ ਨਾਲ ਸਥਾਪਤ ਕਰਨਾ ਭਾਰਤ ਨਾਲ ਉਨ੍ਹਾਂ ਦੇ ਦੇਸ਼ ਦੇ ਮਜ਼ਬੂਤ ਸਬੰਧਾਂ ਦੀ ਸ਼ੁਰੂਆਤ ਹੈ। ਇਸੇ ਦੌਰਾਨ ਇਸਰੋ ਦੇ ਚੇਅਰਮੈਨ ਕੇ. ਸਿਵਾਨ ਨੇ ਅੱਜ ਕਿਹਾ ਹੈ ਕਿ ਸਾਲ 2021 ਵਿੱਚ ਪੁਲਾੜ ਏਜੰਸੀ ਵੱਲੋਂ 14 ਹੋਰ ਮਿਸ਼ਨ ਲਾਂਚ ਕਰਨ ਦੀ ਯੋਜਨਾ ਹੈ, ਜਿਨ੍ਹਾਂ ਵਿੱਚ ਇਸਰੋ ਦਾ ਪਹਿਲਾ ਮਾਨਵ ਰਹਿਤ ਮਿਸ਼ਨ ਵੀ ਸ਼ਾਮਲ ਹੈ, ਜਿਸ ਨੂੰ ਇਸ ਸਾਲ ਦੇ ਅਖ਼ੀਰ ਵਿੱਚ ਲਾਂਚ ਕੀਤਾ ਜਾਵੇਗਾ। -ਪੀਟੀਆਈ
ਪ੍ਰਧਾਨ ਮੰਤਰੀ ਤੇ ਉਪ ਰਾਸ਼ਟਰਪਤੀ ਵੱਲੋਂ ਇਸਰੋ ਨੂੰ ਵਧਾਈ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀਐੱਸਐੱਲਵੀ-ਸੀ-51 ਦੇ ਮਿਸ਼ਨ ਦੀ ਕਾਮਯਾਬੀ ਲਈ ਇਸਰੋ ਨੂੰ ਵਧਾਈ ਦਿੱਤੀ। ਉਨ੍ਹਾਂ ਟਵੀਟ ਕੀਤਾ, ‘ਨਿਊ ਸਪੇਸ ਇੰਡੀਆ ਲਿਮਿਟਡ ਅਤੇ ਇਸਰੋ ਨੂੰ ਪੀਐੱਸਐੱਲਵੀ ਸੀ-51 ਰਾਹੀਂ ਬ੍ਰਾਜ਼ੀਲ ਦੇ ਐਮਾਜ਼ੋਨੀਆ-1 ਦੀ ਸਫਲ ਲਾਂਚਿੰਗ ਲਈ ਵਧਾਈ। ਇਸ ਦੇਸ਼ ’ਚ ਪੁਲਾੜ ਦੇ ਖੇਤਰ ’ਚ ਸੁਧਾਰਾਂ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੈ।’ ਇਸੇ ਦੌਰਾਨ ਉੱਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਇਸਰੋ ਨੂੰ ਮਿਸ਼ਨ ਕਾਮਯਾਬ ਹੋਣ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖੀ ਮਿਸ਼ਨਾਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ। -ਪੀਟੀਆਈ