ਡਾ. ਹਰਦੀਪ ਸਿੰਘ
ਗ਼ਦਰ ਸ਼ਬਦ ਚੇਤੇ ਆਉਂਦਿਆਂ ਹੀ ਪੰਜਾਬੀਆਂ ਦਾ ਧਿਆਨ 1857 ਈਸਵੀ ਦੇ ਵਿਦਰੋਹ ਤੋਂ ਮਗਰੋਂ ਵਿਦੇਸ਼ਾਂ ਵਿਚ ਗਏ ਪੰਜਾਬੀਆਂ ਵੱਲੋਂ ਸ਼ੁਰੂ ਕੀਤੀ ਇਨਕਲਾਬੀ ਲਹਿਰ ਵੱਲ ਜਾਂਦਾ ਹੈ। 21 ਅਪਰੈਲ, 2022 ਨੂੰ ਗ਼ਦਰ ਲਹਿਰ ਦੀ 109ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਭਾਰਤ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕਰਾਉਣ ਲਈ 19ਵੀਂ ਅਤੇ 20ਵੀਂ ਸਦੀ ਦੌਰਾਨ ਪੰਜਾਬ ਸਮੇਤ ਵੱਡੀ ਗਿਣਤੀ ਵਿਚ ਸਮਾਜਿਕ ਅਤੇ ਧਾਰਮਿਕ ਲਹਿਰਾਂ ਵੱਖ-ਵੱਖ ਨਾਵਾਂ ਅਧੀਨ ਹੋਂਦ ਵਿਚ ਆ ਕੇ ਆਜ਼ਾਦੀ ਸੰਗ੍ਰਾਮ ਵੱਲ ਕੁੱਦੀਆਂ। ਇਨ੍ਹਾਂ ਲਹਿਰਾਂ ‘ਚੋਂ 20ਵੀਂ ਸਦੀ ਦੇ ਦੂਸਰੇ ਦਹਾਕੇ ਦੇ ਵਿਦੇਸ਼ਾਂ ਵਿਚ ਵਸਦੇ ਅਨਪੜ੍ਹ ਮਜ਼ਦੂਰ ਤੇ ਕਿਸਾਨ ਭਾਰਤੀ ਕ੍ਰਾਂਤੀਕਾਰੀਆਂ ਵੱਲੋਂ ਗ਼ਦਰ ਲਹਿਰ (1913) ਦੇ ਹਥਿਆਰਬੰਦ ਇਨਕਲਾਬ ਰਾਹੀਂ ਦੇਸ਼ ਨੂੰ ਅੰਗ੍ਰੇਜ਼ੀ ਹਕੂਮਤ ਤੋਂ ਆਜ਼ਾਦ ਕਰਾਉਣ ਦਾ ਇਹ ਕਦਮ ਆਜ਼ਾਦੀ ਅੰਦੋਲਨ ਦੀ ਪ੍ਰਾਪਤੀ ਵਿਚ ਇਕ ਨਿਵੇਕਲਾ ਸਥਾਨ ਰੱਖਦਾ ਹੈ। ਇਸ ਵਿਚ ਬਹੁਤ ਸਾਰੇ ਨੌਜਵਾਨਾਂ, ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੇ ਕੁਰਬਾਨੀ ਦਿੱਤੀ। ਗ਼ਦਰ ਲਹਿਰ ਦੇ ਸਦਕਾ ਹੀ ਅੱਗੋਂ ਗੁਰਦੁਆਰਾ ਸੁਧਾਰ ਲਹਿਰ (1920), ਬੱਬਰ ਅਕਾਲੀ ਲਹਿਰ (1923), ਕਿਰਤੀ-ਕਿਸਾਨ ਲਹਿਰ (1928), ਨੌਜਵਾਨ ਭਾਰਤ ਸਭਾ ਅਤੇ ਕਾਂਗਰਸ ਲਹਿਰਾਂ ਨੇ ਦੇਸ਼ ਦੇ ਆਜ਼ਾਦੀ ਸੰਗ੍ਰਾਮ ਲਈ ਘੋਲ ਜਾਰੀ ਰੱਖਿਆ।
ਗ਼ਦਰ ਲਹਿਰ ਦੀ ਉੱਤਪਤੀ ਅਮਰੀਕਾ ‘ਚ ਵਸਦੇ ਭਾਰਤੀਆਂ ਨੇ ਕੀਤੀ। ਪਰਵਾਸ ਦੌਰਾਨ ਭਾਰਤੀਆਂ ਦੇ ਹਾਲਾਤ ਨੇ ਉਨ੍ਹਾਂ ਨੂੰ ਮਹਿਸੂਸ ਕਰਵਾਇਆ ਕਿ ਵਿਤਕਰੇ ਤੇ ਬੇਇਨਸਾਫ਼ੀਆਂ ਇਸ ਦੇ ਮੁੱਖ ਕਾਰਨ ਹਨ ਜਿਸ ਕਾਰਨ ਉਹ ਗੁਲ਼ਾਮ ਹਨ। ਹਰੇਕ ਇਤਿਹਾਸਕਾਰ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਅਮਰੀਕਾ ਤੇ ਕੈਨੇਡਾ ਵਿਚ ਨਸਲੀ ਵਿਤਕਰਾ ਪ੍ਰਚੱਲਿਤ ਸੀ। ਪੰਜਾਬ ਦੇ ਕਿਸਾਨਾਂ ਤੋਂ ਇਲਾਵਾ ਕੁਝ ਦੇਸ਼ ਭਗਤ, ਵਿਦਿਆਰਥੀ ਅਤੇ ਸੁਧਾਰਵਾਦੀ ਪ੍ਰਚਾਰਕ ਵੀ ਅਮਰੀਕਾ ਪਹੁੰਚੇ। ਇਨ੍ਹਾਂ ਵਿਚ ਬਾਬੂ ਹਰਨਾਮ ਸਿੰਘ ਕਾਹਰੀ ਸਾਹਰੀ, ਪ੍ਰੋ. ਤੇਜਾ ਸਿੰਘ ਐਮਏ ਮਸਤੂਆਣਾ, ਜੀਡੀ. ਕੁਮਾਰ, ਤਾਰਕ ਨਾਥ ਦਾਸ, ਲਾਲਾ ਹਰਦਿਆਲ, ਰਾਮ ਨਾਥ ਪੁਰੀ, ਠਾਕੁਰ ਦਾਸ, ਮੌਲਵੀ ਬਰਕੱਤ ਉੱਲਾ ਅਤੇ ਸੁਰਿੰਦਰ ਮੋਹਨ ਬੋਸ ਆਦਿ ਸਨ। ਮਗਰੋਂ 21 ਅਪਰੈਲ, 1913 ਈਸਵੀ ਨੂੰ ਅਸਟੋਰੀਆ (ਓਰੇਗਨ) ਅਮਰੀਕਾ ਦੀ ਆਰਾ ਮਿੱਲ ‘ਚ ਬਾਬਾ ਕੇਸਰ ਸਿੰਘ ਠੱਠਗੜ੍ਹ ਦੇ ਡੇਰੇ ਵਿਚ ਇਕ ਪ੍ਰਤੀਨਿਧਾਂ ਦੀ ਬੈਠਕ ਬੁਲਾਈ ਗਈ, ਜਿਸ ਵਿਚ ਪੋਰਟਲੈਂਡ ਤੇ ਸੇਂਟ ਜੌਹਨ ਤੋਂ ਆਏ 150 ਪ੍ਰਤੀਨਿਧ ਦੇਸ਼ ਭਗਤਾਂ ਦੀ ਹਾਜ਼ਰੀ ‘ਚ ਸਰਬ-ਸੰਮਤੀ ਨਾਲ ਫ਼ੈਸਲੇ ਲਏ ਗਏ। ਪ੍ਰਮੁੱਖ ਫ਼ੈਸਲਾ ਇਹ ਕਿ ਜਥੇਬੰਦੀ ਦਾ ਨਾਂ ‘ਹਿੰਦੀ ਐਸੋਸੀਏਸ਼ਨ ਆਫ਼ ਪੈਸੇਫ਼ਿਕ ਕੋਸਟ ਆਫ਼ ਅਮੈਰਿਕਾ’ ਹੋਵੇਗਾ, ਜੋ ਮਗਰੋਂ ‘ਗ਼ਦਰ ਪਾਰਟੀ’ ਦੇ ਨਾਂ ਨਾਲ ਪ੍ਰਸਿੱਧ ਹੋਈ। ਬੰਗਾਲ ਦੇ ਕ੍ਰਾਂਤੀਕਾਰੀ ਅਖ਼ਬਾਰ ‘ਯੁਗਾਂਤਰ’ ਦੇ ਨਾਂ ‘ਤੇ ਪਾਰਟੀ ਦਫ਼ਤਰ ਦਾ ਨਾਂ ‘ਯੁਗਾਂਤਰ ਆਸ਼ਰਮ’ ਰੱਖਿਆ ਗਿਆ।
1 ਨਵੰਬਰ 1913 ਈਸਵੀ ਨੂੰ ‘ਗ਼ਦਰ’ ਅਖ਼ਬਾਰ ਦਾ ਪਹਿਲਾ ਉਰਦੂ ਹਫ਼ਤਾਵਾਰੀ ਅੰਕ ਹੈਂਡ ਮਸ਼ੀਨ ‘ਤੇ ਕਰਤਾਰ ਸਿੰਘ ਸਰਾਭਾ ਤੇ ਰਘਬੀਰ ਦਿਆਲ (ਯੂਪੀ) ਦੀ ਮਦਦ ਨਾਲ ਪ੍ਰਕਾਸ਼ਿਤ ਹੋਇਆ ਮਗਰੋਂ ਪੰਜਾਬੀ, ਗੁਜਰਾਤੀ, ਬੰਗਾਲੀ, ਨਿਪਾਲੀ ਅਤੇ ਪਸ਼ਤੋ ਵਿਚ ਵੱਖ ਵੱਖ ਭਾਸ਼ਾਵਾਂ ਵਾਲੇ ਇਸ ਜਮਹੂਰੀ ਪਰਚੇ ਨੇ ਪਰਵਾਸੀਆਂ ਦੀ ਸੋਚ ‘ਤੇ ਡੂੰਘਾ ਪ੍ਰਭਾਵ ਪਾਇਆ। 1857 ਈਸਵੀ ਦੇ ਗ਼ਦਰ ਤੋਂ ਇਸ ਨੂੰ ਬਹੁਤ ਪ੍ਰੇਰਨਾ ਮਿਲਦੀ ਸੀ। ਇਹ ਅਖ਼ਬਾਰ ਮਲਾਇਆ, ਹਾਂਗਕਾਂਗ, ਸ਼ੰਘਾਈ, ਸਿੰਘਾਪੁਰ, ਸਿਆਮ, ਪਨਾਮਾ, ਅਰਜਨਟੀਨਾ, ਦੱਖਣੀ ਅਫ਼ਰੀਕਾ, ਫਿਲਪੀਨ ਤੱਕ ਜਾਣ ਲੱਗਾ ਤੇ ਗ਼ਦਰ ਲਹਿਰ ਨੂੰ ਜਨਮ ਦਿੱਤਾ। ਮਗਰੋਂ ਪ੍ਰੈਸ ਵੱਲੋਂ ‘ਗ਼ਦਰ ਦੀ ਗੂੰਜ਼’ ਨਾਮੀ ਕਿਤਾਬਚਾ ਵੀ ਪ੍ਰਕਾਸ਼ਿਤ ਕੀਤਾ ਗਿਆ ਸੀ ਜੋ ਹਰਨਾਮ ਸਿੰਘ ਟੁੰਡੀਲਾਟ, ਮੁਨਸ਼ਾ ਸਿੰਘ ਦੁਖੀ, ਭਗਵਾਨ ਸਿੰਘ ਪ੍ਰੀਤਮ ਆਦਿ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਸੀ।
ਜੇ ਗ਼ਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ ਦੇ ਮੁਕੱਦਮੇ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ 13 ਅਕਤੂਬਰ, 1914 ਵਿਚ ਕਾਮਾਗਾਟਾ ਮਾਰੂ, ਐਸ.ਐਸ. ਕੋਰੀਆ, ਜਹਾਜ਼ ਤੋਂ ਭਾਰਤ ਦੀ ਸਰਜ਼ਮੀਨ ‘ਤੇ ਪੈਰ ਧਰਨ ਸਮੇਂ ਹੀ ਗ੍ਰਿਫ਼ਤਾਰ ਕਰਕੇ ਮੁਲਤਾਨ ਦੀ ਕੇਂਦਰੀ ਜੇਲ੍ਹ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਸੀ। ਬਾਬਾ ਜੀ ਦੀ ਗ੍ਰਿਫ਼ਤਾਰੀ ਸਮੇਂ ਉਸ ਕੋਲੋਂ ਕੋਈ ਵੀ ਸਾਜ਼ਿਸ਼ ਸਾਹਿਤ ਦੀ ਇਕ ਵੀ ਇਤਰਾਜ਼ਯੋਗ ਲਿਖਤ ਬਰਾਮਦ ਨਹੀਂ ਸੀ ਕੀਤੀ ਗਈ। ਮਗਰੋਂ ਜੱਜਾਂ ਨੇ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਬਾਬਾ ਭਕਨਾ ਨੂੰ ਸਜ਼ਾ ਸੁਣਾਈ ਗਈ ਸੀ ਕਿ ਮੁਜ਼ਰਮ ਅਮਰੀਕਾ ‘ਚੋਂ ਗਵਾਹ ਪੇਸ਼ ਕਰਨ ਦੇ ਅਯੋਗ ਸੀ। ਇਸੇ ਤਰ੍ਹਾਂ ਦਾ ਸਲੂਕ ਕੇਸਰ ਸਿੰਘ ਠੱਠੀਆਂ, ਜਵਾਲਾ ਸਿੰਘ ਠੱਠੀਆਂ, ਮੰਗਲ ਸਿੰਘ ਲਾਲਪੁਰਾ, ਸ਼ੇਰ ਸਿੰਘ ਵੇਂਈ ਭਾਈ, ਊਧਮ ਸਿੰਘ ਕਸੇਲ ਅਤੇ ਇੱਦਰ ਸਿੰਘ ਗ੍ਰੰਥੀ ਨਾ ਕੀਤਾ ਗਿਆ। ਇਨ੍ਹਾਂ ਸਾਰਿਆਂ ਵਿਰੁੱਧ ਬਾਦਸ਼ਾਹ ਜਾਰਜ ਪੰਚਮ ਦਾ ਤਖ਼ਤਾ ਉਲਟਾਉਣ ਦੀ ਸਜ਼ਿਸ਼ ਦਾ ਦੋਸ਼ ਲਾ ਕੇ ਦਫ਼ਾ 121-ਏ ਅਧੀਨ ਮਕੱਦਮਾ ਚਲਾਇਆ ਗਿਆ।
ਗ਼ਦਰੀਆਂ ਵੱਲੋਂ 21 ਫਰਵਰੀ, 1915 ਈਸਵੀ ਦਾ ਦਿਨ ਕ੍ਰਾਂਤੀ ਲਈ ਤੈਅ ਕੀਤਾ ਗਿਆ। ਇਸ ਸਮੇਂ ਕੁਝ ਇਨਕਲਾਬੀਆਂ ਨੂੰ ਕਿਪ੍ਰਾਲ ਸਿੰਘ ਦਾ ਕਿਰਦਾਰ ਕੁਝ ਸ਼ੱਕੀ ਜਾਪਿਆ। ਮਗਰੋਂ 21 ਫਰਵਰੀ ਦੀ ਤਾਰੀਖ਼ ਦਾ ਉਸ ਨੂੰ ਪਤਾ ਲੱਗ ਗਿਆ। ਇਸ ’ਤੇ ਦੁਬਾਰਾ ਵਿਚਾਰ ਕਰਨ ਤੇ ਤਾਰੀਖ਼ 19 ਫਰਵਰੀ ਮਿੱਥੀ ਗਈ। ਇਹ ਮਿਤੀ ਵੀ ਕ੍ਰਿਪਾਲ ਸਿੰਘ ਤੋਂ ਛੁਪਾਈ ਨਾ ਜਾ ਸਕੀ। ਨਤੀਜੇ ਵਜੋਂ ਕ੍ਰਿਪਾਲ ਸਿੰਘ ਦੇ ਇਸ਼ਾਰੇ ’ਤੇ ਪੁਲੀਸ ਨੇ ਲਾਹੌਰ ਦੇ ਉਸ ਮਕਾਨ ਤੇ ਛਾਪਾ ਮਾਰ ਕੇ ਕ੍ਰਾਂਤੀ ਦੇ ਨੇਤਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗ਼ਦਰ ਲਹਿਰ ਦੇ ਆਗੂ ਕਾਰਕੁੰਨਾਂ ਨੂੰ ਅੰਗ੍ਰੇਜ਼ਾਂ ਨੇ ਰਾਜ ਦੇ ਦੁਸ਼ਮਣ ਐਲਾਨਿਆ ਤੇ ਮੌਤ ਦੇ ਘਾਟ ਉਤਾਰ ਦਿੱਤਾ। ਪਹਿਲੇ ਲਾਹੌਰ ਸਾਜ਼ਿਸ਼ ਮੁਕੱਦਮੇ ਦਾ ਫ਼ੈਸਲਾ 13 ਸਤੰਬਰ, 1915 ਨੂੰ ਸੁਣਾਇਆ ਗਿਆ, ਜਿਸ ਵਿਚ 61 ਗ਼ਦਰੀਆਂ ‘ਚੋਂ 24 ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ। ਭਾਰਤੀਆਂ ਵੱਲੋਂ ਇਸ ਦੀ ਵਿਆਪਕ ਵਿਰੋਧਤਾ ਨੂੰ ਦੇਖਦਿਆਂ, ਵਾਇਸਰਾਇ ਲਾਰਡ ਹਾਡਿੰਗ (1910-1916) ਨੇ ਉਨ੍ਹਾਂ ‘ਚੋਂ 17 ਦੇਸ਼ ਭਗਤਾਂ ਦੀ ਮੌਤ ਸਜ਼ਾ ਨੂੰ ਉਮਰ-ਕੈਦ ਵਿਚ ਤਬਦੀਲ ਕਰ ਕੇ ਅੰਡੇਮਾਨ ਦੀ ਸੈਲੂਲਰ ਜੇਲ੍ਹ (ਕਾਲੇ ਪਾਣੀ) ਭੇਜ ਦਿੱਤਾ, ਉਨ੍ਹਾਂ ‘ਚੋਂ ਬਾਬਾ ਭਕਨਾ ਇਕ ਸਨ। ਬਾਕੀ 7 ਦੇਸ਼ ਭਗਤਾਂ ਨੂੰ 16, ਨਵੰਬਰ 1915 ਨੂੰ ਫਾਂਸੀ ਦਿੱਤੀ ਗਈ। ਇਨ੍ਹਾਂ ਸੱਤਾਂ ਵਿਚ 19 ਸਾਲਾਂ ਦਾ ਕਰਤਾਰ ਸਿੰਘ ਸਰਾਭਾ ਅਤੇ 22 ਸਾਲ ਦਾ ਵਿਸ਼ਨੂੰ ਗਨੇਸ਼ ਪਿੰਗਲੇ ਵੀ ਸ਼ਾਮਲ ਸੀ। ਇਸ ਦੇ ਨਾਲ ਜੁੜਵੇਂ ਲਾਹੌਰ ਸਾਜ਼ਿਸ਼ ਮੁਕੱਦਮੇ ਦਾ ਫ਼ੈਸਲਾ 30 ਮਾਰਚ, 1916 ਨੂੰ ਸੁਣਾਇਆ ਗਿਆ, ਜਿਸ ’ਚ 102 ਗ਼ਦਰੀਆਂ ‘ਚੋਂ 5 ਨੂੰ ਮੌਤ ਦੀ ਸਜ਼ਾ ਸੁਣਾਈ ਗਈ।
ਅੱਜ ਦੇਸ਼ ਦੀ ਅਜੋਕੀ ਨੌਜਵਾਨ ਪੀੜ੍ਹੀ ਨੂੰ ਗ਼ਦਰੀ ਦੇਸ਼ ਭਗਤਾਂ ਦੀ ਵਿਚਾਰਧਾਰਾ ਦੇ ਦਰਸ਼ਨ ਕਰਾਉਣਾ ਅਜੋਕੇ ਸਮੇਂ ਦੀ ਮੁੱਖ ਜ਼ਰੂਰਤ ਬਣਦਾ ਜਾ ਰਿਹਾ ਹੈ। ਇਨ੍ਹਾਂ ਸ਼ਹੀਦਾਂ ਦੀ ਸੋਚ ਦੇ ਉਲਟ ਅੱਜ ਹਰ ਅਲਾਮਤ ਦੇਸ਼ ਵਿਚ ਪੈਰ ਪਸਾਰ ਚੁੱਕੀ ਹੈ। ਭਾਰਤ ਨੂੰ ਫਿਰ ਤੋਂ ਇੱਕ ਸਮੂਹਿਕ ਲਹਿਰ ਦੀ ਲੋੜ ਹੈ ਜੋ ਦੇਸ਼ ਵਿਚ ਹੁੰਦੇ ਜਾਤੀ ਤੇ ਨਸਲੀ ਵਿਤਰਕੇ, ਘੱਟ ਗਿਣਤੀ ਤੇ ਬਹੁ-ਗਿਣਤੀ ਦੇ ਪਾੜੇ, ਨਸ਼ਿਆਂ ਵਿੱਚ ਡੁੱਬੇ ਨੌਜਵਾਨ ਅਤੇ ਔਰਤਾਂ ਦੇ ‘ਤੇ ਹੁੰਦੇ ਸ਼ੋਸ਼ਣ ਨੂੰ ਬੰਦ ਕਰ ਸਕੇ ਅਤੇ ਮਜ਼ਬੂਤ ਦੇਸ਼ ਦਾ ਨਿਰਾਮਾਣ ਕਰ ਸਕੇ।
ਸੰਪਰਕ: 94633-64992