ਪੰਜਾਬ ਨੂੰ ਆਪਣੀਆਂ ਰੁੱਤਾਂ ’ਤੇ ਮਾਣ ਹੈ। ਅੱਸੂ, ਦੇਸੀ ਸਾਲ ਦਾ 7ਵਾਂ ਮਹੀਨਾ ਹੈ। ਇਸ ਮਹੀਨੇ ਦੀ ਆਮਦ ਨੂੰ ਗਰਮੀ ਦੀ ਸਤਾਈ ਲੁਕਾਈ ਬੇਸਬਰੀ ਨਾਲ ਉਡੀਕਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਭਾਦੋਂ ਦਾ ਮਹੀਨਾ ਅਤਿ ਦੀ ਗਰਮੀ ਵਾਲਾ ਹੁੰਦਾ ਹੈ। ਇਸ ਮਹੀਨੇ ਗਰਮੀ ਬਰਦਾਸ਼ਤ ਤੋਂ ਬਾਹਰ ਹੁੰਦੀ ਹੈ। ਹਵਾ ਇੱਕ ਦਮ ਬੰਦ ਹੋ ਜਾਂਦੀ ਹੈ ਤੇ ਸਾਹ ਲੈਣਾ ਵੀ ਮੁਸ਼ਕਿਲ ਹੁੰਦਾ ਹੈ। ਲੋਕ ਹਾਏ ਤੌਬਾ ਕਰ ਕੇ ਦਿਨ ਰਾਤ ਕੱਢਦੇ ਹਨ। ਆਮ ਤੌਰ ਤੇ ਦਿਨ ਆਸਾਂ ਦੇ ਸਹਾਰੇ ਹੀ ਲੰਘਦੇ ਨੇ। ਲੋਕਾਂ ਨੂੰ ਆਸ ਹੁੰਦੀ ਹੈ ਕਿ ਹੁਣ ਬੱਸ ਕੁਝ ਦਿਨ ਦੀ ਹੀ ਗੱਲ ਹੈ। ਭਾਦੋਂ ਮਗਰੋਂ ਅੱਸੂ ਦਾ ਮਹੀਨਾ ਗਰਮੀ ਦੀ ਰੁੱਤ ਦੇ ਜਾਣ ਦਾ ਸੰਦੇਸ਼ ਦਿੰਦਾ ਹੈ। ਆਮ ਤੌਰ ਤੇ ਇਹ ਅਖਾਣ ਮਸ਼ਹੂਰ ਹੈ: ਅੱਸੂ ਮਾਹ ਨਿਰਾਲਾ ਦਿਨੇ ਧੁੱਪ ਰਾਤਾਂ ਨੂੰ ਪਾਲਾ।
ਅੱਸੂ ਨੂੰ ਆਮ ਤੌਰ ਤੇ ਸਿਆਲ ਰੁੱਤ ਦਾ ਪੁੱਤ ਵੀ ਕਹਿ ਲਿਆ ਜਾਂਦਾ ਹੈ। ਅੱਸੂ ਮਹੀਨਾ ਜਿੱਥੇ ਦੋ ਰੁੱਤਾਂ ਦੇ ਮਿਲਾਪ ਦਾ ਜ਼ਾਮਨ ਹੈ, ਉੱਥੇ ਜੀਵਨ ਦੇ ਬਦਲਵੇਂ ਦਿਨਾਂ ਦਾ ਵੀ ਸੂਚਕ ਹੈ। ਮਨੁੱਖੀ ਮਨ ਵਿਚ ਮਿਲਾਪ ਵਸਲ ਦੀ ਤਾਂਘ ਪੈਦਾ ਹੁੰਦੀ ਹੈ, ਇਸ ਕਰ ਕੇ ਹੀ ਇਸ ਮਹੀਨੇ ਲੋਕ ਰਿਸ਼ਤੇ ਵਗੈਰਾ ਕਰਦੇ ਨੇ। ਲੋਕ ਭਾਦੋਂ ਦੇ ਵੱਟ ਨੂੰ ਭੁੱਲ ਕੇ ਰੁਮਕਦੀ ਪੌਣ ਦਾ ਆਨੰਦ ਮਾਨਣ ਲੱਗਦੇ ਨੇ। ਜਦੋਂ ਠੰਢੀ ਪੌਣ ਦਾ ਬੁੱਲਾ ਕਿਸੇ ਮੁਟਿਆਰ ਦੀ ਚੁੰਨੀ ਨਾਲ ਖਹਿ ਕੇ ਲੰਘਦਾ ਹੈ ਤਾਂ ਉਹ ਸਿਰਜਣਹਾਰ ਕਾਦਰ ਦੀ ਕੁਦਰਤ ਨੂੰ ਸਜਦਾ ਕਰਦੀ ਹੈ। ਪਸੀਨੋ-ਪਸੀਨਾ ਹੋਇਆ ਕੋਈ ਰਾਹੀ ਜਦੋਂ ਕਿਤੇ ਕਿਸੇ ਪਿੱਪਲ, ਬੋਹੜ ਥੱਲੇ ਬੈਠਦਾ ਤਾਂ ਉਹ ਵੀ ਠੰਢੀ ਪੌਣ ਦੇ ਸਿਰਜਕ ਦਾ ਲੱਖ ਲੱਖ ਸ਼ੁਕਰ ਕਰਦਾ ਹੈ।
ਅੱਸੂ ਮਹੀਨੇ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਨੇ ਬਾਰਹ ਮਾਹ ਰਾਗ ਤੁਖਾਰੀ ਅਤੇ ਗੁਰੂ ਅਰਜਨ ਦੇਵ ਨੇ ਬਾਰਹ ਮਾਹ ਮਾਝ ਵਿਚ ਕੀਤਾ ਹੈ। ਇਤਿਹਾਸਕ ਹਵਾਲਿਆਂ ਅਨੁਸਾਰ ਬਾਹਰਮਾਹ ਤੁਖਾਰੀ ਦੀ ਰਚਨਾ ਗੁਰੂ ਨਾਨਕ ਨੇ ਆਪਣੇ ਜੀਵਨ ਦੇ ਅੰਤਿਮ ਸਮੇਂ ਕਰਤਾਰਪੁਰ ਵਿਚ ਕੀਤੀ। ਇਸ ਵਿਚ ਗੁਰੂ ਜੀ ਨੇ ਕੁਦਰਤੀ ਵਾਤਾਵਰਨ ਨੂੰ ਪਿਛੋਕੜ ਵਿਚ ਰੱਖ ਕੇ ਪ੍ਰਭੂ ਤੋਂ ਵਿਛੜੀ ਮਨੁੱਖ ਰੂਪੀ ਜੀਵ ਇਸਤਰੀ ਦੀ ਪ੍ਰੀਤਮ ਨਾਲ ਮਿਲਾਪ ਦੀ ਤਾਂਘ ਦੇ ਵਲਵਲਿਆਂ ਨੂੰ ਚਿਤਰਿਆ ਹੈ। ਗੁਰੂ ਨਾਨਕ ਜੀ ਫਰਮਾਉਂਦੇ ਨੇ:
ਅਸੁਨਿ ਆਉ ਪਿਰਾ ਸਾ ਧਨ ਝੂਰਿ ਮੁਈ॥
ਤਾ ਮਿਲੀਐ ਪ੍ਰਭ ਮੇਲੇ ਦੂਜੈ ਭਾਇ ਖੁਈ॥
ਇਸ ਤਰ੍ਹਾਂ ਗੁਰੂ ਅਰਜਨ ਦੇਵ ਨੇ ਪ੍ਰਭੂ ਪਿਆਰੇ ਦੇ ਮਿਲਾਪ ਦੀ ਤਾਂਘ ’ਚ ਬਾਰਹ ਮਾਹ ਮਾਝ ਦੀ ਰਚਨਾ ਕੀਤੀ। ਨਾਲ ਹੀ ਗੁਰੂ ਅਰਜਨ ਦੇਵ ਬਾਰਹ ਮਾਹ ਮਾਝ ਵਿਚ ਅੱਸੂ ਦੇ ਮਹੀਨੇ ਦੀ ਮਹਿਮਾ ਕਰਦੇ ਫਰਮਾਉਂਦੇ ਹਨ:
ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ॥
ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ॥
ਅੱਸੂ ਦੇ ਮਹੀਨੇ ਦਰਿਆਵਾਂ ਚੋਈਆਂ ਰੋਹੀਆਂ ਵਿਚ ਖੜ੍ਹੇ ਸਰਕੜੇ ਕਾਹੀਆਂ ਦੇ ਚਿੱਟੇ ਬੰਬੂ ਜਦੋਂ ਹਵਾ ਵਿਚ ਉਡਦੇ ਹਨ ਤਾਂ ਮਨੁੱਖ ਨੂੰ ਉਸ ਦੀ ਵਧਦੀ ਉਮਰ ਦਾ ਫਿਕਰ ਤੌਖਲਾ ਲਾਉਂਦੇ ਨੇ। ਇਸ ਨਾਲ ਅੱਸੂ ਮਹੀਨੇ ਚਾਰੇ ਪਾਸੇ ਜੰਗਲ ਬੀਆਬਾਨ ਗੂੜ੍ਹੀ ਹਰਿਆਲੀ ਨਾਲ ਭਰੇ ਹੋਏ ਅਠਖੇਲੀਆਂ ਕਰਦੀ ਪੌਣ ਨਾਲ ਬੋਲੀਆਂ ਪਾਉਂਦੇ ਨਜ਼ਰ ਆਉਂਦੇ ਨੇ।
ਫ਼ਸਲਾਂ ਨਿਸਾਰੇ ਤੇ ਆ ਜਾਦੀਆਂ ਨੇ। ਜੀਰੀ ਨੂੰ ਸੁਨਿਹਰੀ ਸਿੱਟੇ ਤੇ ਮੱਕੀਆਂ ਦੇ ਬੰਬੂ ਤੇ ਟਾਂਡਿਆਂ ਨੂੰ ਲੱਗੀਆਂ ਛੱਲੀਆਂ ਦੀ ਮਹਿਕ ਚਾਰੇ ਪਾਸੇ ਵਾਤਾਵਰਨ ਵਿਚ ਮਿਠਾਸ ਘੋਲ ਦਿੰਦੀ ਹੈ। ਮੂੰਗਫਲੀ ਨੂੰ ਲੱਗੇ ਸੁਨਹਿਰੀ ਫੁੱਲ ਦਿਲਾਂ ਨੂੰ ਟੁੰਬਦੇ ਨੇ। ਚਰ੍ਹੀ ਤੇ ਬਾਜਰੇ ਦੇ ਸਿੱਟੇ ਤੇ ਗੁਆਰੇ ਦੀਆਂ ਫਲੀਆਂ ਦੀ ਮਹਿਕ ਵੀ ਪੌਣ ਵਿਚ ਸੁਗੰਧੀਆਂ ਘੋਲਦੀ ਹੈ।
‘ਤੇਰੇ ਬਾਜਰੇ ਦੀ ਰਾਖੀ ਜੱਟਾ ਮੈਂ ਨਾ ਵਹਿੰਦੀ ਵੇ’ ਸ਼ਾਇਦ ਅੱਸੂ ਮਹੀਨੇ ਹੀ ਰਚਿਆ ਗਿਆ ਹੋਵੇਗਾ।
ਇਸ ਮਹੀਨੇ ਹੀ ਮੱਕੀ ਦੀ ਰਾਖੀ ਲਈ ਮਨ੍ਹੇ ਬਣਾਏ ਜਾਂਦੇ, ਗੋਪੀਐ ਨਾਲ ਜਨੌਰਾਂ ਨੂੰ ਡਰਾਇਆ ਜਾਂਦਾ ਤੇ ਪੀਪੇ ਖੜਕਾ ਕਾਵਾਂ ਤੇ ਚਿੜੀਆਂ ਤੋਂ ਫਸਲਾਂ ਦੀ ਰਾਖੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੇ ਬਿਰਤਾਂਤ ਲੋਕ ਧਾਰਾ ਵਿਚੋਂ ਮਿਲ ਜਾਂਦੇ ਨੇ ਕਿ ਅੱਸੂ ਪ੍ਰੇਮ ਪੈਦਾ ਕਰਨ ਵਾਲਾ ਮਹੀਨਾ ਹੈ; ਤਾਂ ਹੀ ਤਾਂ ਸ਼ਿਵ ਕੁਮਾਰ ਬਟਾਲਵੀ ਕਹਿੰਦਾ ਹੈ:
ਜਦ ਪੈਣ ਕਪਾਹੀਂ ਫੁੱਲ ਵੇ ਧਰਮੀ ਬਾਬਲਾ
ਸਾਨੂੰ ਉਹ ਰੁੱਤ ਲੈ ਦਈਂ ਮੁੱਲ ਵੇ ਧਰਮੀ ਬਾਬਲਾ।
ਸ਼ਿਵ ਕੁਮਾਰ ਬਟਾਲਵੀ ਤੋਂ ਇਲਾਵਾ ਅੰਮ੍ਰਿਤਾ ਪ੍ਰੀਤਮ ਨੇ ਕਵਿਤਾ ਅੱਸੂ ਦੀ ਰਚਨਾ ਕੀਤੀ। ਭਾਈ ਵੀਰ ਸਿੰਘ ਨੇ ਬਾਰਹ ਮਾਹ ਵਿਚ ਅੱਸੂ ਦਾ ਜ਼ਿਕਰ ਕੀਤਾ ਅਤੇ ਗਿਆਨੀ ਗੁਰਦਿੱਤ ਸਿੰਘ ਨੇ ਵੀ ਅੱਸੂ ਮਹੀਨੇ ਨੂੰ ਵਿਸ਼ੇਸ਼ ਤਵੱਜੋ ਦਿੱਤੀ ਹੈ।
ਅੱਸੂ ਚੜ੍ਹਦਿਆਂ ਹੀ ਸ਼ਰਾਧ ਆ ਜਾਂਦੇ ਨੇ। ਸ਼ਰਾਧਾਂ ਵਿਚ ਖੀਰ ਤੇ ਮਾਲ੍ਹ ਪੂੜਿਆਂ ਦਾ ਵਿਸ਼ੇਸ਼ ਸਥਾਨ ਹੁੰਦਾ ਹੈ।
ਨਿਖਰੀਆਂ ਰਾਤਾਂ ਲੋਹੜੇ ਤਾਰਿਆਂ ਨੇ ਪਾਏ ਨੇ
ਅੱਸੂ ਦੇ ਮਹੀਨੇ ਜੀ ਸ਼ਰਾਧ ਮਸਾਂ ਆਏ ਨੇ।
ਫਿਰ ਨਰਾਤੇ ਆ ਜਾਂਦੇ ਨੇ ਤੇ ਰਾਮ ਲੀਲ੍ਹਾ ਸ਼ਹਿਰਾਂ ਕਸਬਿਆਂ ਦਾ ਸ਼ਿੰਗਾਰ ਬਣ ਜਾਂਦੀ ਹੈ। ਨਰਾਤਿਆਂ ਨੂੰ ਰਿਸ਼ਤੇ ਨਾਤੇ ਕਰਨ ਲਈ ਸ਼ੁੱਭ ਮੰਨਿਆ ਜਾਂਦਾ ਹੈ। ਦਰਅਸਲ ਖਰਚੇ ਵੀ ਆਮਦਨ ਹੋਣ ਨਾਲ ਹੀ ਹੋ ਸਕਦੇ ਨੇ। ਜਦੋਂ ਕਿਸਾਨ ਫ਼ਸਲ ਦੀ ਵੱਟਤ ਹਾਸਲ ਕਰ ਲੈਂਦਾ ਤਾਂ ਫਿਰ ਵਿਆਹ ਮੁਕਲਾਵਿਆਂ ਦੀਆਂ ਬੁਣਤਾਂ ਬਣਦੀਆਂ। ਪੰਜਾਬ ਦਾ ਅਰਥਚਾਰਾ ਖੇਤੀ ਪ੍ਰਧਾਨ ਰਿਹਾ ਹੋਣ ਕਰ ਕੇ ਬਾਕੀ ਦੇ ਭਾਈਚਾਰੇ ਕਿਸਾਨ ਤੇ ਹੀ ਨਿਰਭਰ ਕਰਦੇ ਆਏ ਨੇ। ਅੱਸੂ ਦੇ ਮਹੀਨੇ ਰੁੱਤ ਸੁਹਾਵਣੀ ਹੋਣ ਨਾਲ ਦੁੱਧ-ਦਹੀਂ ਦੇ ਖ਼ਰਾਬ ਹੋਣ ਦਾ ਖਤਰਾ ਵੀ ਘੱਟ ਜਾਂਦਾ ਤੇ ਇਸ ਕਰ ਕੇ ਹੀ ਇੱਕ ਸੁਹਾਗ ਵਿਚ ਇੱਕ ਪੰਜਾਬਣ ਆਪਣੇ ਬਾਬਲ ਨੂੰ ਆਪਣਾ ਵਿਆਹ ਅੱਸੂ ਦੇ ਮਹੀਨੇ ਕਰਨ ਦੀ ਤਾਕੀਦ ਕਰਦੀ ਹੈ। ਅੱਸੂ ਦੇ ਮਹੀਨੇ ਵਿਚ ਹੀ ਸਾਗ ਤੇ ਮੱਕੀ ਦੀ ਰੋਟੀ ਦਾ ਵਿਸ਼ੇਸ਼ ਆਨੰਦ ਮਾਣਿਆ ਜਾ ਸਕਦਾ ਹੈ।
ਮੈਂ ਤੈਨੂੰ ਆਖਦੀ ਬਾਬਲਾ,
ਮੇਰਾ ਅੱਸੂ ਦਾ ਕਾਜ ਰਚਾ ਵੇ ਹਾਂ।
ਅੰਨ ਨਾ ਤਰੱਕੇ ਕੋਠੜੀ,
ਤੇਰਾ ਦਹੀਂ ਨਾ ਅਮਲਾ ਜਾਵੇ।
ਬਾਬਲ ਮੈਂ ਬੇਟੀ ਮੁਟਿਆਰ।
ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ।
ਅੱਸੂ ਦੇ ਮਹੀਨੇ ਹੀ ਤਿਉਹਾਰਾਂ ਦੀ ਅਮਦ ਹੁੰਦੀ ਹੈ। ਨਰਾਤਿਆਂ ਤੋਂ ਬਾਅਦ ਦਸਹਿਰਾ ਤੇ ਫਿਰ ਦੀਵਾਲੀ ਆ ਜਾਂਦੀ ਹੈ। ਇਸ ਤਰ੍ਹਾਂ ਕਾਰੋਬਾਰੀ ਗਤੀਵਿਧੀਆਂ ਵੀ ਸਿਖਰਾਂ ਨੂੰ ਛੋਹ ਜਾਂਦੀਆਂ ਨੇ।
ਜੇ ਕਿਤੇ ਅੱਸੂ ਵਿਚ ਮੀਂਹ ਪੈਣ ਲੱਗ ਜਾਣ ਤਾਂ ਫਿਰ ਕਦੇ ਕਦੇ ਅੱਸੂ ਵਲੀਆ ਵੀ ਲੱਗ ਜਾਂਦਾ ਤੇ ਕਿਸਾਨਾਂ ਦੇ ਸਾਹ ਸੂਤੇ ਜਾਂਦੇ ਨੇ। ਫਸਲਾਂ ਸਾਂਭਣ ਅਤੇ ਧੀ ਵਿਆਹੁਣ ਦਾ ਫਿਕਰ ਸਤਾਉਣ ਲੱਗਦਾ ਹੈ। ‘ਅੱਸੂ ਵਲੀਆ ਰਿੱਧੀ ਖੀਰ ਬਣ ਗਿਆ ਦਲੀਆ।’
ਇਸ ਤਰ੍ਹਾਂ ਅੱਸੂ ਪੰਜਾਬੀ ਲੋਕ ਧਾਰਾ ’ਚ ਵਿਸ਼ੇਸ਼ ਸਥਾਨ ਰੱਖਦਾ ਹੈ ਪਰ ਇਸ ਵਾਰ ਕਰੋਨਾ ਮਹਾਮਾਰੀ ਨੇ ਦਿਨ-ਤਿਉਹਾਰ ਕੀ ਹਰ ਚੀਜ਼ ਨੂੰ ਪ੍ਰਭਾਵਤ ਕਰ ਦਿੱਤਾ ਹੈ।
ਸੰਪਰਕ: 97819-78123