ਪੱਤਰ ਪ੍ਰੇਰਕ
ਭੀਖੀ 31 ਅਕਤੂਬਰ
ਦਿ ਰਾਇਲ ਗਰੁੱਪ ਆਫ ਕਾਲਜਿਜ਼, ਬੋੜਾਵਾਲ ਵਿਖੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਯੁਵਕ ਭਲਾਈ ਵਿਭਾਗ ਦੀ ਅਗਵਾਈ ਅਧੀਨ ਚੱਲ ਰਹੇ ਮਾਨਸਾ ਜ਼ੋਨ ਦਾ ਖੇਤਰੀ ਯੁਵਕ ਤੇ ਲੋਕ ਮੇਲਾ ਸ਼ਾਨੋ ਸ਼ੌਕਤ ਨਾਲ ਨੇਪਰੇ ਚੜ੍ਹ ਗਿਆ। ਮੇਲੇ ਦੇ ਚੌਥੇ ਦਿਨ ਦੇ ਮੁੱਖ ਮਹਿਮਾਨ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਇਨਾਮ ਵੰਡਣ ਦੀ ਰਸਮ ਨਿਭਾਈ। ਕਾਲਜ ਦੇ ਪ੍ਰਿੰਸੀਪਲ ਡਾ਼ ਕੁਲਵਿੰਦਰ ਸਿੰਘ ਸਰਾਂ ਨੇ ਜੀ ਆਇਆਂ ਕਿਹਾ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਅਜਿਹੇ ਮੇਲਿਆਂ ਦਾ ਵਿਦਿਆਰਥੀਆਂ ਦੇ ਜੀਵਨ ਵਿੱਚ ਭਰਪੂਰ ਮਹੱਤਵ ਹੁੰਦਾ ਹੈ। ਇਨ੍ਹਾਂ ਕਰਕੇ ਹੀ ਵਿਦਿਆਰਥੀ ਆਪਣੇ ਸਭਿਆਚਾਰ ਤੇ ਮਾਤ-ਭਾਸ਼ਾ ਨਾਲ ਜੁੜੇ ਰਹਿੰਦੇ ਹਨ। ਸਾਡੀ ਮਾਂ- ਬੋਲੀ ਨੂੰ ਬਚਾਉਣ ਵਿੱਚ ਵੀ ਯੁਵਕ ਮੇਲਿਆਂ ਦਾ ਬਹੁਤ ਯੋਗਦਾਨ ਹੈ। ਇਸ ਮੌਕੇ ਰਣ ਸਿੰਘ ਧਾਲੀਵਾਲ (ਐਮ ਬੀ ਏ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਤੇ ਨਿਰਪਾਲ ਸਿੰਘ ਟਿਵਾਣਾ (ਤਹਿਸੀਲਦਾਰ) ਵੀ ਹਾਜ਼ਰ ਹੋਏ। ਇਸ ਮੌਕੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਅਤੇ ਕਾਲਜ ਦੇ ਸਲਾਹਕਾਰੀ ਬੋਰਡ ਦੇ ਮੈਂਬਰ ਸਰਬਜੀਤ ਕੌਰ ਸੋਹਲ ਨੇ ਵੀ ਸ਼ਿਰਕਤ ਕੀਤੀ। ਰੌਇਲ ਗਰੁੱਪ ਆਫ਼ ਕਾਲਜਿਜ਼ ਨੇ ਯੁਵਕ ਮੇਲੇ ਵਿੱਚ ਓਵਰ ਆਲ ਦੂਸਰਾ ਸਥਾਨ ਹਾਸਿਲ ਕੀਤਾ। ਕਾਲਜ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।