ਇਕਬਾਲ ਸਿੰਘ ਸ਼ਾਂਤ
ਲੰਬੀ, 3 ਨਵੰਬਰ
ਦਸ਼ਮੇਸ ਗਰਲਜ਼ ਕਾਲਜ ਬਾਦਲ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ 63ਵੇਂ ਯੁਵਕ ਅਤੇ ਵਿਰਾਸਤੀ ਮੇਲੇ (ਜ਼ੋਨ-ਸੀ) ਵਿਚੋਂ ਦੂਸਰੀ ਰਨਰ-ਅੱਪ ਟਰਾਫੀ ਜਿੱਤੀ ਹੈ। ਕਾਲਜ ਵਿਦਿਆਰਥਣਾਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਕੁੱਲ 38 ਇਨਾਮ ਜਿੱਤੇ। ਜਿਨ੍ਹਾਂ ਵਿਚ 12 ਪਹਿਲੀਆਂ ਪੁਜੀਸ਼ਨਾਂ, 9 ਦੂਜਿਆਂ ਪੁਜੀਸ਼ਨਾਂ ਅਤੇ ਤਿੰਨ ਇਨਾਮ ਤੀਜੇ ਸਥਾਨ ‘ਤੇ ਰਹੇ। ਵਿਅਕਤੀਗਤ ਇਨਾਮਾਂ ਵਿੱਚ ਕੁੱਲ 5 ਵਿਦਿਆਰਥੀਆ ਨੇ ਪਹਿਲਾਂ, 5 ਵਿਦਿਆਰਥੀਆਂ ਨੇ ਦੂਜਾ ਅਤੇ ਦੋ ਵਿਦਿਆਰਥਣਾਂ ਨੇ ਤੀਜਾ ਇਨਾਮ ਜਿੱਤਿਆ। ਕਾਲਜ ਦੀ ਪ੍ਰਿਸੀਪਲ ਡਾ. ਵਨੀਤਾ ਗੁਪਤਾ ਨੇ ਬਿਹਤਰੀਨ ਪ੍ਰਾਪਤੀ ਲਈ ਪ੍ਰਤੀਭਾਗੀ ਵਿਦਿਆਰਥਣਾਂ, ਅਧਿਆਪਕਾਂ ਅਤੇ ਯੁਵਕ ਮੇਲੇ ਦੇ ਇੰਚਾਰਜ ਡਾ. ਸਿਮਰਜੀਤ ਕੌਰ ਬਰਾੜ ਅਤੇ ਉਕਾਂਰ ਸਿੰਘ ਚਹਿਲ ਨੂੰ ਮੁਬਾਰਕਵਾਦ ਦਿੱਤੀ। ਇਸ ਮੌਕੇ ਦਸ਼ਮੇਸ ਗਰਲਜ ਕਾਲਜ ਦੇ ਪ੍ਰਿੰਸੀਪਲ ਡਾ. ਐੱਸਐੱਸ ਸੰਘਾ ਨੇ ਇਸ ਮਾਣਮੱਤੀ ਪ੍ਰਾਪਤੀ ਲਈ ਸਿੱਖਿਆ ਕਾਲਜ ਨੂੰ ਵਧਾਈ ਦਿੱਤੀ। ਯੁਵਕ ਮੇਲੇ ਦੇ ਇੰਚਾਰਜ ਡਾ. ਸਿਮਰਜੀਤ ਬਰਾੜ ਅਤੇ ਉਂਕਾਰ ਸਿੰਘ ਚਹਿਲ ਨੇ ਦੱਸਿਆ ਕਿ ਵਿਦਿਆਰਥਣਾਂ ਵੱਲੋਂ ਮੇਲੇ ਵਿੱਚ ਸ਼ਬਦ ਗਾਇਨ, ਲੋਕ-ਗੀਤ, ਕਹਾਣੀ ਲੇਖਕ, ਨਾਟਕ, ਮੁਹਾਵਰੇਦਾਰ ਵਰਤਾਲਾਪ, ਗੁੱਡੀਆਂ-ਪਟੋਲੇ ਬਣਾਉਣਾ, ਪਰਾਂਦਾ ਬੁਨਣਾ, ਕਵਿਸ਼ਰੀ, ਸਿਲਾਈਆਂ ਬੁਣਨਾ, ਦਸੁਤੀ ਅਤੇ ਹਿਸਟੌਨਿਕ ਵਰਗ ਵਿੱਚ ਪਹਿਲੀਆਂ ਪੁਜੀਸ਼ਨਾਂ ਹਾਸਿਲ ਕੀਤੀਆਂ। ਜਦਕਿ ਗੀਤ, ਲੰਮੀ ਹੇਕ, ਇੰਨਟਾਲੇਸ਼ਣ, ਸਕਿਟ, ਭੰਡ, ਛਿੱਕੂ ਬਣਾਉਣਾ, ਵਾਰ, ਕਲੀ ਅਤੇ ਸੰਮੀ ਲੋਕ-ਨਾਚ ਦੇ ਮੁਕਾਬਲਿਆਂ ਵਿੱਚ ਦੂਜਾ ਸਥਾਨ ਹਾਸਲ ਕੀਤਾ। ਕਵਿਤਾ ਲਿਖਣ, ਮਾਇਮ, ਪੀੜ੍ਹੀ, ਬਾਗ ਅਤੇ ਫੁਲਕਾਰੀ ਦੇ ਮੁਕਾਬਲਿਆਂ ਵਿੱਚ ਤੀਜਾ ਸਥਾਨ ਹਾਸਲ ਕੀਤਾ। ਵਿਅਕਤੀਗਤ ਵੱਖ-ਵੱਖ ਵਰਗਾਂ ਵਿੱਚ ਸੁਖਜਿੰਦਰ ਕੌਰ, ਰਾਜਵੀਰ ਕੌਰ, ਪ੍ਰਿਆ ਅਤੇ ਪੂਜਾ ਰਾਣੀ ਨੇ ਪਹਿਲਾ , ਪ੍ਰਿਆ, ਰਚਨਦੀਪ ਕੌਰ, ਹਰਪ੍ਰੀਤ ਤੇ ਹਰਸਿਮਰਤ ਕੌਰ ਨੇ ਦੂਜਾ ਅਤੇ ਅਰਸ਼ਦੀਪ ਨੇ ਤੀਜਾ ਸਥਾਨ ਹਾਸਲ ਕੀਤਾ।