ਹਰਦੀਪ ਸਿੰਘ
ਫਤਹਿਗੜ੍ਹ ਪੰਜਤੂਰ, 21 ਜਨਵਰੀ
ਇੱਥੋਂ ਦੇ ਧਰਮਕੋਟ ਚੌਕ ’ਚ ਬੀਤੀ ਦੇਰ ਰਾਤ ਅੱਧੀ ਦਰਜਨ ਹਮਲਾਵਰਾਂ ਵੱਲੋਂ ਕਾਰ ’ਤੇ ਕੀਤੀ ਗਈ ਗੋਲੀਬਾਰੀ ਦੌਰਾਨ ਕਾਰ ਸਵਾਰ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ ਅਤੇ ਉਸ ਦੇ ਦੋ ਸਾਥੀ ਵਾਲ-ਵਾਲ ਬਚੇ। ਪ੍ਰਾਪਤ ਜਾਣਕਾਰੀ ਮੁਤਾਬਕ ਕੋਟ ਈਸੇ ਖਾਂ ਦਾ ਰਵੀ, ਹਿਮਾਂਸ਼ੂ, ਪ੍ਰਭਦੀਪ ਤੇ ਇੱਕ ਹੋਰ ਨੌਜਵਾਨ ਬੀਤੀ ਦੇਰ ਰਾਤ ਸਵਿਫਟ ਕਾਰ ’ਤੇ ਸ਼ੈਦੇਸ਼ਾਹ ਤੋਂ ਕੋਟ ਈਸੇ ਖਾਂ ਜਾ ਰਹੇ ਸਨ। ਪ੍ਰਭਦੀਪ ਨੂੰ ਉਨ੍ਹਾਂ ਪਹਿਲਾਂ ਹੀ ਉਤਾਰ ਦਿੱਤਾ ਸੀ ਅਤੇ ਹਿਮਾਂਸ਼ੂ ਨੂੰ ਉਤਾਰਨ ਲਈ ਜਦੋਂ ਉਨ੍ਹਾਂ ਧਰਮਕੋਟ ਚੌਕ ਨੇੜੇ ਕਾਰ ਰੋਕੀ ਤਾਂ ਅਣਪਛਾਤੇ ਹਮਲਾਵਰਾਂ ਨੇ ਕਾਰ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਕਾਰਨ ਰਵੀ ਜ਼ਖ਼ਮੀ ਹੋ ਗਿਆ ਤੇ ਬਾਕੀ ਦੋਵਾਂ ਨੇ ਮੁਸ਼ਕਲ ਨਾਲ ਆਪਣੀ ਜਾਨ ਬਚਾਈ।
ਸੂਚਨਾ ਮਿਲਣ ਮਗਰੋਂ ਐੱਸਪੀ ਰੁਪਿੰਦਰ ਕੌਰ ਭੱਟੀ ਐੱਸਪੀ ਦੀ ਅਗਵਾਈ ਹੇਠ ਪੁਲੀਸ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸੂਤਰਾਂ ਮੁਤਾਬਕ ਪੁਲੀਸ ਨੂੰ ਘਟਨਾ ਵਾਲੇ ਸਥਾਨ ਤੋਂ 17 ਖਾਲੀ ਕਾਰਤੂਸ ਬਰਾਮਦ ਹੋਏ ਹਨ। ਪੁਲੀਸ ਨੇ ਸਵਿਫਟ ਕਾਰ ਦੇ ਮਾਲਕ ਪ੍ਰਭਦੀਪ ਸਿੰਘ ਵਾਸੀ ਸੈਦੇਸ਼ਾਹ ਦੇ ਬਿਆਨਾਂ ਦੇ ਆਧਾਰ ’ਤੇ ਇੰਦਰਜੀਤ ਸਿੰਘ ਅਤੇ ਭੁਪਿੰਦਰ ਸਿੰਘ ਵਾਸੀ ਸ਼ਾਹ ਅਬੁਬੱਕਰ ਸਮੇਤ ਪੰਜ-ਛੇ ਹੋਰ ਹਮਲਾਵਰਾਂ ’ਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
‘ਆਪ’ ਵਰਕਰ ਦੇ ਘਰ ’ਤੇ ਗੋਲੀਆਂ ਚਲਾਈਆਂ
ਭਗਤਾ ਭਾਈ (ਪੱਤਰ ਪ੍ਰੇਰਕ): ਥਾਣਾ ਦਿਆਲਪੁਰਾ ਭਾਈਕਾ ਦੇ ਪਿੰਡ ਕੋਠਾ ਗੁਰੂ ਵਿਚ ਬੀਤੀ ਸ਼ਾਮ ਆਮ ਆਦਮੀ ਪਾਰਟੀ ਨਾਲ ਸਬੰਧਿਤ ਵਰਕਰ ਦੇ ਘਰ ’ਤੇ ਗੋਲੀਆਂ ਚਲਾਈਆਂ ਗਈਆਂ। ਜਸਵੀਰ ਸਿੰਘ ਫ਼ੌਜੀ ਵਾਸੀ ਕੋਠਾ ਗੁਰੂ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਬੀਤੀ ਸ਼ਾਮ ਕੁਝ ਅਣਪਛਾਤਿਆਂ ਨੇ ਉਸ ਦੇ ਘਰ ਦੇ ਗੇਟ ’ਤੇ ਗੋਲੀਆਂ ਚਲਾਈਆਂ। ਥਾਣਾ ਦਿਆਲਪੁਰਾ ਭਾਈਕਾ ਦੀ ਪੁਲੀਸ ਨੇ ਦੋ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।