ਨਵਕਿਰਨ ਸਿੰਘ
ਮਹਿਲ ਕਲਾਂ, 13 ਮਈ
ਸਰਕਾਰ ਵੱਲੋਂ ਲਾਗੂ ਕੀਤੀ ਮਿਨੀ ਤਾਲਾਬੰਦੀ ਕਾਰਨ ਬੰਦ ਪਏ ਕਾਰੋਬਾਰਾਂ ਕਾਰਨ ਬੇਰੁਜ਼ਗਾਰ ਹੋਏ ਪਿੰਡ ਕਲਾਲ ਮਾਜਰਾ ਦੇ ਮਜ਼ਦੂਰਾਂ ਨੇ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮਜ਼ਦੂਰਾਂ ਨੇ ਸਰਕਾਰ ’ਤੇ ਗਰੀਬਾਂ ਦੀ ਸਾਰ ਨਾ ਲੈਣ ਦੇ ਦੋਸ਼ ਲਾਉਂਦਿਆਂ ਮੰਗ ਕੀਤੀ ਕਿ ਮਜ਼ਦੂਰਾਂ ਲਈ ਵਿਸ਼ੇਸ਼ ਆਰਥਿਕ ਮਦਦ ਤੇ ਮੁਫ਼ਤ ਰਾਸ਼ਨ ਮੁਹੱਈਆ ਕਰਵਾਇਆ ਜਾਵੇ।
ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਸੱਦੋਵਾਲ ਅਤੇ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਨੇ ਕਿਹਾ ਕਿ ਮਜ਼ਦੂਰਾਂ ਨੂੰ ਰਾਹਤ ਦਿੱਤੇ ਬਗੈਰ ਥੋਪੀ ਤਾਲਾਬੰਦੀ ਕਾਰਨ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ ਤੇ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਪੂਰੀ ਤਰ੍ਹਾਂ ਠੰਢੇ ਹੋ ਚੁੱਕੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਤਾਲਾਬੰਦੀ ਦੇ ਮੱਦੇਨਜ਼ਰ ਮਜ਼ਦੂਰਾਂ ਨੂੰ ਘੱਟੋ-ਘੱਟ 10 ਹਜ਼ਾਰ ਰੁਪਏ ਦੀ ਸਹਾਇਤਾ ਫੌਰੀ ਦਿੱਤੀ ਜਾਵੇ, ਮਜ਼ਦੂਰਾਂ ਨੂੰ ਮੁਫ਼ਤ ਕਣਕ, ਚੌਲ, ਖੰਡ, ਚਾਹ ਸਮੇਤ ਰਸੋਈ ਦਾ ਸਾਰਾ ਸਾਮਾਨ ਮੁਫ਼ਤ ਮੁਹੱਈਆ ਕੀਤਾ ਜਾਵੇ ਅਤੇ ਮਗਨਰੇਗਾ ਮਜ਼ਦੂਰਾਂ ਨੂੰ ਪੂਰਾ ਸਾਲ ਰੁਜ਼ਗਾਰ ਦਿੱਤਾ ਜਾਵੇ।