ਪੱਤਰ ਪ੍ਰੇਰਕ
ਮਹਿਲ ਕਲਾਂ, 1 ਅਪਰੈਲ
ਕੇਂਦਰ ਸਰਕਾਰ ਵੱਲੋਂ ਮਗਨਰੇਗਾ ਫੰਡਾਂ ’ਚ ਕੀਤੀ ਕਟੌਤੀ ਤੇ ਪ੍ਰੀਪੇਡ ਤੇ ਚਿੱਪ ਵਾਲੇ ਮੀਟਰ ਲਾਉਣ ਦੀ ਤਜਵੀਜ਼ ਖ਼ਿਲਾਫ਼ ਅੱਜ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਮਜ਼ਦੂਰਾਂ ਵੱਲੋਂ ਪਿੰਡ ਮਹਿਲ ਖੁਰਦ ਵਿੱਚ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਨਾਅਰੇਬਾਜ਼ੀ ਕਰਦਿਆਂ ਮਜ਼ਦੂਰਾਂ ਨੇ ਕਿਹਾ ਕਿ ਮੋਦੀ ਸਰਕਾਰ ਕਾਰੋਪਰੇਟ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਕਰ ਰਹੀ ਹੈ। ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਸਾਧੂ ਸਿੰਘ ਛੀਨੀਵਾਲ ਤੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਮਗਨਰੇਗਾ ਫੰਡਾਂ ਵਿੱਚ ਕਟੌਤੀ ਕਰਕੇ ਮਜਦੂਰਾਂ ਨੂੰ ਰੁਜਗਾਰ ਦੇ ਇੱਕਮਾਤਰ ਸਹਾਰੇ ਤੋਂ ਵੀ ਵਾਂਝੇ ਕਰਨ ਦੀ ਨੀਤੀ ਅਖਤਿਆਰ ਕਰ ਲਈ ਹੈ।ਉਨ੍ਹਾਂ ਕਿਹਾ ਕਿ ਹੁਣ ਜਦ ਕਿਸੇ ਵੀ ਖੇਤਰ ਵਿੱਚ ਰੁਜਗਾਰ ਨਹੀਂ ਮਿਲ ਰਿਹਾ ਹੈ ਤਾਂ ਬਣਦਾ ਤਾਂ ਇਹ ਸੀ ਕਿ ਸਰਕਾਰ 100 ਦਿਨ ਦੀ ਬਜਾਏ ਪੂਰਾ ਸਾਲ ਮਗਨਰੇਗਾ ਤਹਿਤ ਰੁਜ਼ਗਾਰ ਯਕੀਨੀ ਬਨਾਉਂਦੀ ਪਰ ਸਰਕਾਰ ਨੇ ਤਾਂ ਪੁਰਾਣੇ ਫੰਡਾਂ ਵਿੱਚ ਵੀ ਕੱਟ ਲਗਾ ਕੇ ਮਜ਼ਦੂਰ ਵਿਰੋਧੀ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਪ੍ਰੀਪੇਡ ਤੇ ਚਿੱਪ ਵਾਲੇ ਮੀਟਰ ਮਜ਼ਦੂਰਾਂ ਨੂੰ ਮਿਲਦੀ ਬਿਜਲੀ ਸਬਸਿਡੀ ਦੀ ਸਹੂਲਤ ਨੂੰ ਖਤਮ ਕਰਨ ਦੀ ਨੀਤੀ ਤਹਿਤ ਲਿਆਂਦੇ ਜਾ ਰਹੇ ਹਨ ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰੀਪੇਡ ਮੀਟਰ ਲਾਉਣ ਦਾ ਮਕਸਦ ਹੈ ਕਿ ਪਹਿਲਾਂ ਪੈਸੇ ਦਾ ਭੁਗਤਾਣ ਕਰੋ ਫਿਰ ਬਿਜਲੀ ਮਿਲੇਗੀ ਤੇ ਜੇ ਤੁਹਾਡੀ ਜੇਬ ਵਿੱਚ ਪੈਸੇ ਨਹੀਂ ਤਾਂ ਤੁਹਾਡੇ ਘਰ ਦੀ ਬਿਜਲੀ ਬੰਦ ਹੋ ਜਾਵੇਗੀ।