ਮਹਿੰਦਰ ਸਿੰਘ ਰੱਤੀਆਂ
ਮੋਗਾ, 27 ਦਸੰਬਰ
ਇਥੇ ਥਾਣਾ ਚੜਿੱਕ ਅਧੀਨ ਪਿੰਡ ਨਾਹਲ ਖੋਟੇ ’ਚ ਧਰਮ ਪਰਿਵਰਤਨ ਦੀ ਸ਼ਰਤ ’ਤੇ ਮ੍ਰਿਤਕ ਕੁੜੀ ਨੂੰ ਜਿਉਂਦਾ ਕਰਨ ਦੀ ਦਾਅਵਾ ਕਰਨ ਵਾਲੀਆਂ ਔਰਤਾਂ ਨੇ ਪੰਚਾਇਤ ਸਾਹਮਣੇ ਹੱਥ ਬੰਨ੍ਹ ਕੇ ਮੁਆਫ਼ੀ ਮੰਗ ਕੇ ਜਾਨ ਛੁਡਾਈ। ਇਸਾਈ ਧਰਮ ਨਾਲ ਸਬੰਧ ਰੱਖਣ ਵਾਲੀਆਂ ਔਰਤਾਂ ਨੇ ਤਿੰਨ ਘੰਟੇ ਲਾਸ਼ ਕੋਲ ਪ੍ਰਾਰਥਨਾ ਵੀ ਕੀਤੀ ਸੀ।
ਥਾਣਾ ਚੜਿੱਕ ਮੁਖੀ ਜੈਪਾਲ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ ਪਰ ਕੋਈ ਸ਼ਿਕਾਇਤ ਨਹੀਂ ਮਿਲੀ। ਵੇਰਵਿਆਂ ਅਨੁਸਾਰ ਪਿੰਡ ਨਾਹਲ ਖੋਟੇ ’ਚ ਸੁਭਦੀਪ ਕੌਰ (14)ਦੀ ਅਚਾਨਕ ਮੌਤ ਹੋ ਗਈ ਸੀ। ਉਸ ਦੀਆਂ ਅੰਤਿਮ ਰਸਮਾਂ ਲਈ ਤਿਆਰੀ ਕੀਤੀ ਜਾ ਰਹੀ ਸੀ ਤਾਂ ਪੀੜਤ ਪਰਿਵਾਰ ਦੇ ਘਰ ਇਸਾਈ ਸਮਾਜ ਨਾਲ ਸਬੰਧਤ ਦੱਸੀਆਂ ਜਾਂਦੀਆਂ ਤਿੰਨ ਔਰਤਾਂ ਨੇ ਦਾਅਵਾ ਕੀਤਾ ਕਿ ਉਹ ਮ੍ਰਿਤਕ ਕੁੜੀ ਨੂੰ ਪ੍ਰਾਰਥਨਾ ਕਰਕੇ ਜ਼ਿੰਦਾ ਕਰ ਸਕਦੀਆਂ ਹਨ ਬਸ਼ਰਤੇ ਉਨ੍ਹਾਂ ਨੂੰ ਧਰਮ ਪਰਿਵਰਤਨ ਕਰ ਕੇ ਇਸਾਈ ਧਰਮ ਕਬੂਲਣਾ ਪਵੇਗਾ। ਪਰਿਵਾਰ ਸਦਮੇ ’ਚ ਹੋਣ ਕਰਕੇ ਇਨ੍ਹਾਂ ਔਰਤਾਂ ਦੀ ਸ਼ਰਤ ਉੱਤੇ ਹਾਂ ਕਰ ਦਿੱਤੀ। ਪਿੰਡ ਦਾ ਸਰਪੰਚ ਵੀ ਪੀੜਤ ਪਰਿਵਾਰ ਦੇ ਸ਼ਰੀਕੇ ਵਿੱਚੋਂ ਹੋਣ ਕਰਕੇ ਮਾਮਲਾ ਪੰਚਾਇਤ ਕੋਲ ਪਹੁੰਚ ਗਿਆ। ਇਸ ਮੌਕੇ ਸਰਪੰਚ ਸੁਖਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਪਰਿਵਾਰ ਨੂੰ ਬਹੁਤ ਸਮਝਾਇਆ ਕਿ ਅਜਿਹਾ ਨਹੀਂ ਹੋ ਸਕਦਾ। ਪਰ ਗੱਲ ਸ਼ਰੀਕੇ ਦੀ ਹੋਣ ਕਾਰਨ ਸਰਪੰਚ ਸੁਖਦੇਵ ਸਿੰਘ ਨੇ ਵੀ ਇਨ੍ਹਾਂ ਔਰਤਾਂ ਨੂੰ ਚਣੌਤੀ ਦਿੱਤੀ ਕਿ ਜੇ ਉਹ ਕੁੜੀ ਨੂੰ ਜਿਉਂਦਾ ਕਰ ਦੇਣ ਤਾਂ ਇੱਕ ਲੱਖ ਰੁਪਇਆ ਵੀ ਦਿੱਤਾ ਜਾਵੇਗਾ ਤੇ ਧਰਮ ਪਰਿਵਰਤਨ ਵੀ ਕਰ ਲਿਆ ਜਾਵੇਗਾ। ਔਰਤਾਂ ਨੇ ਤਿੰਨ ਘੰਟੇ ਲਾਸ਼ ਕੋਲ ਪ੍ਰਾਰਥਨਾ ਕੀਤੀ ਤੇ ਇਹ ਕਹਿ ਕੇ ਖਿਸਕ ਗਈਆਂ ਕਿ ਦੋ ਘੰਟੇ ਤੁਸੀਂ ਕੁੜੀ ਨੂੰ ਬੁਲਾਉਣਾ ਨਹੀਂ ਅਸੀਂ ਆਪ ਆ ਕੇ ਲੜਕੀ ਨੂੰ ਬੁਲਾਵਾਂਗੀਆਂ। ਸਸਕਾਰ ਵੀ ਲੇਟ ਹੋ ਗਿਆ ਤੇ ਇਹ ਔਰਤਾਂ ਵੀ ਨਹੀਂ ਆਈਆਂ ਤਾਂ ਕੁੜੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮਗਰੋਂ ਸਮੁੱਚੀ ਪੰਚਾਇਤ ਨੇ ਇਕੱਠ ਕਰਕੇ ਤਿਨਾਂ ਔਰਤਾਂ ਨੂੰ ਵੀ ਪੰਚਾਇਤ ’ਚ ਸੱਦਿਆ। ਇਸ ਮੌਕੇ ਔਰਤਾਂ ਨੇ ਪਿੰਡ ਵਾਸੀਆਂ, ਪਰਿਵਾਰ ਤੇ ਪੰਚਾਇਤ ਕੋਲੋਂ ਮੁਆਫੀ ਮੰਗ ਕੇ ਖਹਿੜਾ ਛੁਡਾਇਆ। ਇਸ ਮੌਕੇ ਸਰਪੰਚ ਸੁਖਦੇਵ ਸਿੰਘ ਨੇ ਅਜਿਹੀਆਂ ਘਟਨਾਵਾਂ ਨੂੰ ਸਖ਼ਤੀ ਨਾਲ ਰੋਕਣ ਦੀ ਮੰਗ ਕੀਤੀ।