ਫਾਜ਼ਿਲਕਾ: ਵਿਧਾਨ ਸਭਾ ਹਲਕਾ ਫਾਜ਼ਿਲਕਾ ਤੋਂ ਕਾਂਗਰਸ ਵੱਲੋਂ ਟਿਕਟ ਨਾ ਐਲਾਨੇ ਜਾਣ ਕਾਰਨ ਲਗਾਤਾਰ ਮਾਹੌਲ ਕਾਂਗਰਸੀ ਵਿਧਾਇਕ ਦਵਿੰਦਰ ਘੁਬਾਇਆ ਲਈ ਪੇਚੀਦਾ ਬਣਦਾ ਜਾ ਰਿਹਾ ਹੈ। ਸਾਬਕਾ ਸਾਂਸਦ ਸ਼ੇਰ ਸਿੰਘ ਘੁਬਾਇਆ ਨੇ ਆਖਿਆ ਕਿ ਉਨ੍ਹਾਂ ਨੇ ਕਦੇ ਵੀ ਆਪਣੀ ਪਾਰਟੀ ਨਾਲ ਗੱਦਾਰੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਘੁਬਾਇਆ ਪਰਿਵਾਰ ਹਮੇਸ਼ਾ ਕਾਂਗਰਸ ਨਾਲ ਚੱਟਾਨ ਵਾਂਗ ਖੜ੍ਹਾ ਰਹੇਗਾ ਅਤੇ ਉਹ ਕਦੇ ਵੀ ਭਾਜਪਾ ਦਾ ਲੜ ਨਹੀਂ ਫੜਨਗੇ। ਉਨ੍ਹਾਂ ਕਿਹਾ ਕਿ ਵਿਰੋਧੀਆਂ ਵੱਲੋਂ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਰਚ ਕੇ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਲੰਬੇ ਸਮੇਂ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰੰਜਮ ਕਾਮਰਾ ਅਤੇ ਘੁਬਾਇਆ ਪਰਿਵਾਰ ਵਿੱਚ ਖਿੱਚੋਤਾਣ ਚੱਲ ਰਹੀ ਹੈ ਅਤੇ ਵਿਰੋਧ ਸਿਖਰਾਂ ’ਤੇ ਪਹੁੰਚਿਆ ਹੋਇਆ ਹੈ। ਰੰਜਮ ਕਾਮਰਾ ਵੱਲੋਂ ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ਵਿਚ ਆਪਣੇ ਕੀਤੇ ਕਾਰਜਾਂ ਦਾ ਵੱਡੇ ਪੱਧਰ ‘ਤੇ ਪ੍ਰਚਾਰ ਕਰਵਾਇਆ ਜਾ ਰਿਹਾ ਹੈ। ਜਦੋਂ ਕਿ ਘੁਬਾਇਆ ਪਰਿਵਾਰ ਵੱਲੋਂ ਪਿੰਡਾਂ ਵਿੱਚ ਜਾ ਕੇ ਆਪਣੀ ਸਰਗਰਮੀ ਕੀਤੀ ਜਾ ਰਹੀ ਹੈ। -ਪੱਤਰ ਪ੍ਰੇਰਕ