ਜੋਗਿੰਦਰ ਸਿੰਘ ਮਾਨ
ਮਾਨਸਾ, 16 ਅਪਰੈਲ
ਇਸ ਹਾੜੀ ਦੌਰਾਨ ਕਣਕ ਦੇ ਘਟੇ ਝਾੜ ਨੇ ਕਿਸਾਨਾਂ ਲਈ ਨਵੀਂ ਪ੍ਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ, ਇਸ ਕਾਰਨ ਹਰ ਇੱਕ ਕਿਸਾਨ ਦਾ 6 ਤੋਂ 7 ਹਜ਼ਾਰ ਰੁਪਏ ਪ੍ਰਤੀ ਏਕੜ ਨੁਕਸਾਨ ਹੋਇਆ ਹੈ। ਇਲਾਕੇ ਦੇ ਪਿੰਡਾਂ ਵਿਚੋਂ ਝਾੜ ਸਬੰਧੀ ਪ੍ਰਾਪਤ ਅੰਕੜਿਆਂ ਅਨੁਸਾਰ ਇਸ ਵਾਰ ਕਣਕ ਦੀ ਪ੍ਰਤੀ ਏਕੜ ਪੈਦਾਵਾਰ 37-45 ਮਣ ਰਹੀ ਹੈ, ਜਦੋਂ ਕਿ ਪਿਛਲੇ ਸਾਲਾਂ ਦੌਰਾਨ ਇਹ 50-65 ਮਣ ਤੱਕ ਰਹਿੰਦੀ ਰਹੀ ਹੈ। ਦੂਜੇ ਪਾਸੇ ਅਜੇ ਤੱਕ ਕਿਸੇ ਵੀ ਕਿਸਾਨ ਨੂੰ ਪੰਜਾਬ ਸਰਕਾਰ ਵੱਲੋਂ ਕੋਈ ਪੈਸਾ ਵੇਚੀ ਹੋਈ ਕਣਕ ਦਾ ਜਾਰੀ ਨਹੀਂ ਕੀਤਾ ਗਿਆ, ਜਿਸ ਨੂੰ ਲੈਕੇ ਕਿਸਾਨ ਵੱਖਰੀ ਪ੍ਰੇਸ਼ਾਨੀ ਵਿੱਚ ਹਨ।
ਇਸ ਸਾਲ ਜ਼ਿਲ੍ਹਾ ਮਾਨਸਾ ਵਿਚ ਕਣਕ 1.70 ਲੱਖ ਹੈਕਟੇਅਰ ਵਿਚ ਬੀਜੀ ਗਈ ਹੈ। ਜ਼ਿਲ੍ਹੇ ਦੇ ਖੇਤੀਬਾੜੀ ਵਿਭਾਗ ਅਨੁਸਾਰ ਕਣਕ ਦੇ ਝਾੜ ਵਿਚ ਚਾਰ ਤੋਂ ਪੰਜ ਕੁਇੰਟਲ ਪ੍ਰਤੀ ਏਕੜ ਗਿਰਾਵਟ ਦਰਜ ਹੋਈ ਹੈ। ਇਸ ਅਨੁਮਾਨ ਅਨੁਸਾਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਕੁੱਲ 250 ਕਰੋੜ ਰੁਪਏ ਦਾ ਘਾਟਾ ਪਿਆ ਹੈ। ਪਿੰਡਾਂ ਦੇ ਦਸ ਏਕੜ ਵਿਚ ਖੇਤੀ ਕਰਨ ਵਾਲੇ ਜ਼ਿਆਦਾਤਰ ਕਿਸਾਨਾਂ ਨੂੰ ਲਗਭਗ ਇੱਕ ਲੱਖ ਰੁਪਏ ਪ੍ਰਤੀ ਕਿਸਾਨ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਨਾਲ ਕਿਸਾਨਾਂ ਦੇ ਕਰਜ਼ਿਆਂ ਦੀਆਂ ਕਿਸ਼ਤਾਂ ਭਰਨ ਅਤੇ ਹੋਰ ਨਿੱਜੀ ਲੈਣ-ਦੇਣ ਵਿਚ ਭਾਰੀ ਵਿੱਤੀ ਸਮੱਸਿਆਵਾਂ ਆਉਣ ਲੱਗੀਆਂ ਹਨ। ਜਿੰਨ੍ਹਾਂ ਕਿਸਾਨਾਂ ਨੇ ਜ਼ਮੀਨਾਂ ਠੇਕੇ ’ਤੇ ਲਈਆਂ ਸਨ, ਉਨ੍ਹਾਂ ਦਾ ਹਿਸਾਬ-ਕਿਤਾਬ ਵੀ ਗੜਬੜਾ ਗਿਆ ਹੈ। ਦੂਜੇ ਪਾਸੇ ਬੈਂਕਾਂ ਵਾਲਿਆਂ ਦੀਆਂ ਰਿਕਵਰੀਆਂ ਵੀ ਘਟਣ ਦੀ ਸੰਭਾਵਨਾ ਹੈ, ਕਿਉਂਕਿ ਉਨ੍ਹਾਂ ਦੇ ਕਿਸਾਨਾਂ ਕੋਲ ਨਗਦੀ ਹੀ ਘੱਟ ਆਈ ਹੈ।
ਘੱਟ ਠੰਢ ਤੇ ਖਰਾਬ ਮੌਸਮ ਨੇ ਦਿੱਕਤਾਂ ਵਧਾਈਆਂ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਝਾੜ ਘਟਣ ਦੀ ਹਾਮੀਂ ਭਰਦਿਆਂ ਕਿਹਾ ਕਿ ਪਹਿਲਾਂ ਤਾਂ ਕਣਕ ਨੂੰ ਲੋੜੀਂਦੀ ਠੰਢ ਹੀ ਨਹੀਂ ਮਿਲੀ ਅਤੇ ਜਦੋਂ ਠੰਢ ਪੈਣ ਲੱਗੀ ਤਾਂ ਮੌਸਮ ਖਰਾਬ ਹੋ ਗਿਆ। ਉਨ੍ਹਾਂ ਕਿਹਾ ਕਿ ਖਰਾਬ ਮੌਸਮ ਦੌਰਾਨ ਖੇਤੀ ਮਹਿਕਮੇ ਨੇ ਕਣਕ ਨੂੰ ਪਾਣੀ ਨਾ ਦੇਣ ਦੀ ਸਲਾਹ ਦੇ ਦਿੱਤੀ ਅਤੇ ਜੇਕਰ ਕਿਸਾਨ ਪਾਣੀ ਲਾਉਂਦਾ ਸੀ ਤਾਂ ਕਣਕ ਡਿੱਗਦੀ ਸੀ। ਉਨ੍ਹਾਂ ਕਿਹਾ ਕਿ ਹੁਣ ਝਾੜ 4 ਤੋਂ 6 ਕੁਇੰਟਲ ਘੱਟ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਘਟੇ ਝਾੜ ਕਾਰਨ ਕਿਸਾਨਾਂ ਦੇ ਹੱਥ ਘੱਟ ਨਗਦੀ ਹੀ ਆਵੇਗੀ ਅਤੇ ਸਿੱਟੇ ਵਜੋਂ ਆਰਥਿਕਤਾ ’ਤੇ ਮਾੜਾ ਅਸਰ ਪਏਗਾ। ਪ੍ਰਗਤੀਸ਼ੀਲ ਕਿਸਾਨ ਜਗਮੀਤ ਸਿੰਘ ਮਾਨ ਨੇ ਦੱਸਿਆ ਕਿ ਝਾੜ ਘੱਟਣ ਕਾਰਨ ਕਿਸਾਨੀ ਨੂੰ ਵੱਡੀ ਮਾਲੀ ਸੱਟ ਵੱਜੀ ਹੈ, ਜਿਸ ਕਰਕੇ ਘਰੇਲੂ ਕੰਮਕਾਜ ਅਤੇ ਪੁੱਤਰਾਂ-ਧੀਆਂ ਦੇ ਚਾਅ ਪੂਰੇ ਕਰਨੇ ਵੀ ਮੁਸ਼ਕਲ ਹੋ ਗਏ ਹਨ। ਕਿਸਾਨ ਆਗੂਆਂ ਨੇ ਨੁਕਸਾਨ ਦੀ ਪੂਰਤੀ ਲਈ ਸਰਕਾਰ ਤੋਂ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੀ ਮੰਗ ਕੀਤੀ ਹੈ।