ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 21 ਸਤੰਬਰ
ਮੌਜੂਦਾ ਕਾਂਗਰਸ ’ਚ ਸਿਆਸੀ ਤਬਦੀਲੀ ’ਚ ਸੱਤਾ ਦਾ ਮਾਲਵਾ ਹੱਥੋਂ ਖੁੱਸ ਕੇ ਮਾਝਾ ਤੇ ਦੁਆਬਾ ਵੱਲ ਚਲੇ ਜਾਣ ’ਤੇ ਭਾਵੇਂ ਮਾਲਵੇ ਦੇ ਬਹੁਤੇ ਆਗੂਆਂ ਨੇ ਕਾਂਗਰਸ ਹਾਈ ਕਮਾਂਡ ਦੇ ਫੈਸਲੇ ਦਾ ਸੁਆਗਤ ਕੀਤਾ ਹੈ ਪਰ ਕੈਪਟਨ ਨੂੰ ਪਾਸੇ ਕਰਨ ਦੀ ਟੀਸ ਕਈ ਆਗੂਆਂ ਤੇ ਵਰਕਰਾਂ ਦੇ ਮਨਾਂ ’ਚ ਕਸਕ ਰਹੀ ਹੈ। ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫੱਤਣਵਾਲਾ, ਭਿੰਦਰ ਸ਼ਰਮਾ, ਮਨਜੀਤ ਫੱਤਣਵਾਲਾ, ਕੌਂਸਲ ਪ੍ਰਧਾਨ ਸ਼ਮ੍ਹੀ ਤੇਹਰੀਆ ਹੋਰਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਓਪੀ ਸੋਨੀ ਨੂੰ ਡਿਪਟੀ ਮੁੱਖ ਮੰਤਰੀ ਬਣਾਏ ਜਾਣ ਦੀ ਖੁਸ਼ੀ ਵਿੱਚ ਲੱਡੂ ਵੰਡੇ। ਇਸੇ ਤਰ੍ਹਾਂ ਜ਼ਿਲ੍ਹਾ ਪਰਿਸ਼ਦ ਮੈਂਬਰ ਸਿਮਰਜੀਤ ਸਿੰਘ ਭੀਨਾ ਬਰਾੜ ਨੇ ਇਸ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸ਼ੁਭ ਸ਼ਗਨ ਕਰਾਰ ਦਿੱਤਾ ਹੈ। ਉਥੇ ਦੂਜੇ ਪਾਸੇ ਪਰਮਜੀਤ ਸਿੰਘ ਬਿੱਲੂ ਸਿੱਧੂ ਨੇ ਇਸ ਨੂੰ ਪੰਜਾਬ ਕਾਂਗਰਸ ਲਈ ਘਾਟੇ ਵਾਲਾ ਸੌਦਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਕੈਪਟਨ ਨੂੰ ਪਾਸੇ ਕੀਤਾ ਉਹ ਠੀਕ ਨਹੀਂ।
ਭੀਖੀ (ਪੱਤਰ ਪ੍ਰੇਰਕ): ਸਥਾਨਕ ਬਰਨਾਲਾ ਚੌਕ ਵਿਚ ਪੰਜਾਬ ਯੂਥ ਕਾਂਗਰਸ ਜ਼ਿਲ੍ਹਾ ਪ੍ਰਧਾਨ ਚੁਸਪਿੰਦਰ ਸਿੰਘ ਚਹਿਲ ਦੀ ਅਗਵਾਈ ਵਿੱਚ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਪੰਜਾਬ ਅਤੇ ਹੋੋਰ ਨਿਯੁਕਤੀਆਂ ਕਰਨ ਸਬੰਧੀ ਸਮੂਹ ਕਾਂਗਰਸੀਆਂ ਨੇ ਲੱਡੂ ਵੰਡੇ। ਇਸ ਮੌਕੇ ਪਰਗਟ ਸਿੰਘ ਸਮਾਓਂ, ਵਿਪਨ ਕੁਮਾਰ ਲੱਗੀ, ਗੁਰਪ੍ਰੀਤ ਹੀਰੋ ਕਲਾਂ, ਸੰਦੀਪ ਮਹਿਤਾ, ਨੀਟਾ ਜੋਸ਼ੀ, ਪਿ੍ਰੰਸ ਕੁਮਾਰ ਆਦਿ ਹਾਜ਼ਰ ਸਨ।