ਸੁਰਜੀਤ ਵਸ਼ਿਸ਼ਟ
ਝੁਨੀਰ, 14 ਮਈ
ਇਸ ਖੇਤਰ ਦੇ ਪਿੰਡ ਚਚੋਹਰ ਦੀਆਂ ਔਰਤਾਂ ਅਤੇ ਆਮ ਲੋਕਾਂ ਨੇ ਹੱਥਾਂ ਵਿੱਚ ਖਾਲੀ ਘੜੇ ਅਤੇ ਬਰਤਨ ਲੈ ਕੇ ਪੀਣ ਵਾਲੇ ਪਾਣੀ ਦੀ ਮੰਗ ਲਈ ਹੱਥਾਂ ਵਿੱਚ ਬੈਨਰ ਫੜ ਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਵਿਰੋਧ ਵਿੱਚ ਪਿੰਡ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਵਿਭਾਗ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨਾਲ ਸਬੰਧਤ ਬੀਬੀ ਨਸੀਬ ਕੌਰ, ਬੀਰਪਾਲ ਕੌਰ, ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਚਚੋਹਰ ਅਤੇ ਮੱਘਰ ਸਿੰਘ ਸਕੱਤਰ ਨੇ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਫੀ ਲੰਬੇ ਅਰਸੇ ਤੋਂ ਪਿੰਡ ਦੀ 75 ਫ਼ੀਸਦੀ ਆਬਾਦੀ ਨੂੰ ਜਲ ਸਪਲਾਈ ਸਕੀਮ ਦਲੇਲਵਾਲਾ ਤੋਂ ਪੀਣ ਵਾਲਾ ਪਾਣੀ ਸਪਲਾਈ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੀਮ ਦਲੇਲਵਾਲਾ ਰਾਹੀਂ ਨੀਵੇਂ ਰਕਬੇ ’ਤੇ ਸਥਿਤ ਕੇਵਲ ਪਿੰਡ ਦੇ 7-8 ਘਰਾਂ ਨੂੰ ਹੀ ਪਾਣੀ ਮਿਲ ਰਿਹਾ ਹੈ। ਕਿਸਾਨ ਆਗੂ ਕੁਲਦੀਪ ਸਿੰਘ ਚਚੋਹਰ ਅਤੇ ਔਰਤਾਂ ਦੇ ਇਕ ਵਫ਼ਦ ਨੇ ਦੱਸਿਆ ਕਿ ਤਿੰਨ ਪਿੰਡਾਂ ਨਾਲ ਸਬੰਧਤ ਦਲੇਲਵਾਲਾ ਦੀ ਜਲ ਸਪਲਾਈ ਸਕੀਮ ਨੂੰ ਨਹਿਰੀ ਪਾਣੀ ਦੀ ਸਪਲਾਈ ਬਹੁਤ ਘੱਟ ਮਿਲਦੀ ਹੈ ਜਿਸ ਕਾਰਨ ਇਸ ਜਲ ਸਪਲਾਈ ਸਕੀਮ ਦੇ ਟੈਂਕ ਅਕਸਰ ਹੀ ਖੁਸ਼ਕ ਰਹਿੰਦੇ ਹਨ। ਇਸ ਸਕੀਮ ਤੋਂ ਤਿੰਨ ਪਿੰਡਾਂ ਦੇ ਲੋਕਾਂ ਨੂੰ ਵਧੇਰੇ ਪਾਣੀ ਧਰਤੀ ਹੇਠਲਾ ਹੀ ਟਿਊਬਵੈੱਲਾਂ ਦੀ ਵਰਤੋਂ ਕਰਕੇ ਦਿੱਤਾ ਜਾ ਰਿਹਾ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਧਰਤੀ ਹੇਠਲਾ ਪਾਣੀ ਭਾਰਾ ਅਤੇ ਤੇਜ਼ਾਬੀ ਹੋਣ ਕਾਰਨ ਵਧੇਰੇ ਕਰਕੇ ਬਹੁਤ ਪਾਣੀ ਪੀਣ ਦੇ ਯੋਗ ਨਹੀਂ ਹੈ। ਕਿਸਾਨਾਂ ਨੇ ਦੱਸਿਆ ਕਿ ਪਿੰਡ ਚਚੋਹਰ ਦੀ 80 ਫ਼ੀਸਦੀ ਦੀ ਆਬਾਦੀ ਉੱਚੇ ਰਕਬੇ ਤੇ ਵਸੀ ਹੋਈ ਹੈ ਜਿਸ ਨੂੰ ਪੀਣ ਵਾਲਾ ਪਾਣੀ ਕਾਫੀ ਅਰਸੇ ਤੋਂ ਪਾਣੀ ਦਾ ਪ੍ਰੈਸ਼ਰ ਘੱਟ ਹੋਣ ਕਾਰਨ ਨਾਮਾਤਰ ਹੀ ਪੁੱਜ ਰਿਹਾ ਹੈ ਜਿਸ ਕਾਰਨ ਇਸ ਅੰਤਾਂ ਦੀ ਗਰਮੀ ਦੇ ਦਿਨਾਂ ਵਿੱਚ ਉੱਚੇ ਰਕਬੇ ’ਤੇ ਰਹਿਣ ਵਾਲੇ ਲੋਕ ਪਾਣੀ ਦੀ ਇੱਕ-ਇੱਕ ਬੂੰਦ ਨੂੰ ਤਰਸ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਸੰਘਰਸ਼ ਵਿੱਢਣ ਦੀ ਅਗਲੇਰੀ ਤਿਆਰੀ ਸਬੰਧੀ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਬਲਾਕ ਪੱਧਰ ਦੀ ਮੀਟਿੰਗ ’ਚ ਹੀ ਫੈਸਲਾ ਲਿਆ ਜਾਵੇਗਾ।
ਟੇਲਾਂ ’ਤੇ ਪਾਣੀ ਨਾ ਪੁੱਜਣ ਕਾਰਨ ਕਿਸਾਨ ਪ੍ਰੇਸ਼ਾਨ
ਸ਼ਹਿਣਾ (ਪੱਤਰ ਪ੍ਰੇਰਕ) ਚੀਮਾ ਮਾਈਨਰ ਦੀ ਸਫ਼ਾਈ ਨਾ ਹੋਣ ਕਾਰਨ ਟੇਲਾਂ ’ਤੇ ਪੈਂਦੇ ਪਿੰਡਾਂ ਦੇ ਕਿਸਾਨ ਨਹਿਰੀ ਪਾਣੀ ਨਾ ਪੁੱਜਣ ਕਾਰਨ ਪ੍ਰੇਸ਼ਾਨ ਹਨ। ਕਿਸਾਨ ਪਰਮਜੀਤ ਸਿੰਘ ਸੁਖਪੁਰਾ, ਮਨਜੀਤ ਪਾਲ ਸਿੰਘ, ਜੋਗਿੰਦਰ ਸਿੰਘ ਜੋਧਪੁਰ, ਬਲਵਿੰਦਰ ਸਿੰਘ ਨੇ ਦੱਸਿਆ ਕਿ 10-12 ਸਾਲ ਪਹਿਲਾਂ ਕਿਸਾਨ ਆਪ ਮਾਈਨਰ ਦੀ ਸਫ਼ਾਈ ਕਰ ਜਾਂਦੇ ਸਨ ਅਤੇ ਸਫ਼ਾਈ ਹੋਣ ਕਾਰਨ ਟੇਲਾਂ ’ਤੇ ਪਾਣੀ ਪੁੱਜ ਜਾਂਦਾ ਸੀ ਪਰ ਜਦੋਂ ਤੋਂ ਨਰੇਗਾ ਤਹਿਤ ਰਜਵਾਹਿਆਂ ਅਤੇ ਡਰੇਨਾਂ ਦੀ ਸਫ਼ਾਈ ਦਾ ਕੰਮ ਸ਼ੁਰੂ ਹੋਇਆ ਹੈ, ਉਤੋਂ ਤੋਂ ਹੀ ਮਾਈਨਰ ਦੀ ਸਫ਼ਾਈ ਵੱਲ ਘੱਟ ਹੀ ਧਿਆਨ ਦਿੱਤਾ ਜਾਂਦਾ ਤੇ ਸਿਰਫ਼ ਬੁੱਤਾ ਹੀ ਸਾਰਿਆ ਜਾਂਦਾ ਹੈ। ਕਿਸਾਨਾਂ ਨੇ ਦੱਸਿਆ ਕਿ ਰਜਵਾਹੇ ਦੀ ਸਫ਼ਾਈ ਨਾ ਹੋਣ ਕਾਰਨ ਰਜਵਾਹੇ ’ਚ ਵੱਡੀ ਪੱਧਰ ’ਤੇ ਘਾਹ-ਫੂਸ ਉੱਗ ਗਿਆ ਹੈ। ਘਾਹ ਫੂਸ ਅਤੇ ਨਦੀਨਾਂ ਕਾਰਨ ਟੇਲਾਂ ’ਤੇ ਪਾਣੀ ਹੀ ਨਹੀਂ ਪਹੁੰਚਦਾ। ਸਫ਼ਾਈ ਨਾ ਹੋਣ ਕਾਰਨ ਪਾਣੀ ਦਾ ਨਗਾਲ ਰਸਤੇ ’ਚ ਹੀ ਦਮ ਤੋੜ ਜਾਂਦਾ ਹੈ। ਨਹਿਰੀ ਪਾਣੀ ਦੀ ਘਾਟ ਕਾਰਨ ਹਰਾ ਚਾਰਾ ਅਤੇ ਹੋਰ ਫਸਲਾਂ ਸੁੱਕ ਰਹੀਆਂ ਹਨ।