ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 14 ਸਤੰਬਰ
ਪਿਛਲੇ ਮਹੀਨੇ ਦੀ 17 ਤਾਰੀਕ ਨੂੰ ਹੋਏ ਕਤਲ ਮਾਮਲੇ ’ਚ ਮੁਲਜ਼ਮਾਂ ਨੂੰ ਜੇਲ੍ਹ ਭੇਜਣ ਲਈ ਇੱਕ ਪਤਨੀ ਨੇ ਅੱਜ ਐੱਸਐੱਸਪੀ ਦਫ਼ਤਰ ਫ਼ਰੀਦਕੋਟ ਮੂਹਰੇ ਧਰਨਾ ਦੇ ਕੇ ਕੋਟਕਪੂਰੇ ਦੇ ਕਾਂਗਰਸੀ ਆਗੂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਪੀੜਤ ਪਤਨੀ ਦਲਜੀਤ ਕੌਰ ਨੇ ਐੱਸਐੱਸਪੀ ਫ਼ਰੀਦਕੋਟ ਨੂੰ ਚਿਤਾਵਨੀ ਦਿੱਤੀ, ‘ਮੇਰੇ ਪਤੀ ਦੇ ਕਾਤਲਾ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਬੱਚਿਆਂ ਸਮੇਤ ਐੱਸਐੱਸਪੀ ਦਫ਼ਤਰ ਅੱਗੇ ਖੁਦਕਸ਼ੀ ਕਰਾਂਗੀ’।
ਦੱਸਣਯੋਗ ਹੈ ਕਿ ਬੀਤੀ 17 ਅਗਸਤ ਨੂੰ ਕੋਟਕਪੂਰਾ ਦੇ ਪਿੰਡ ਵਾੜਾ ਦਰਾਕਾਂ ਵਿੱਚ ਕੁੱਝ ਕਾਰ ਸਵਾਰਾਂ ਵੱਲੋਂ ਇੱਕ ਸਵਿਫਟ ਕਾਰ ਨੂੰ ਘੇਰ ਕੇ ਫਾਇਰਿੰਗ ਕੀਤੀ ਗਈ ਸੀ, ਜਿਸ ’ਚ ਜ਼ਖ਼ਮੀ ਹੋਏ ਮੁਕਤਸਰ ਨਿਵਾਸੀ ਨਵਜੋਤ ਸਿੰਘ ਉਰਫ ਨਵੀ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।