ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 12 ਦਸੰਬਰ
ਦਿੱਲੀ ਕਿਸਾਨ ਮੋਰਚੇ ਤੋਂ ਵਾਪਸ ਪਰਤੇ ਕਿਸਾਨਾਂ ਦਾ ਫ਼ਿਰੋਜ਼ਪੁਰ ’ਚ ਕਈ ਥਾਈਂ ਨਿੱਘਾ ਸਵਾਗਤ ਕੀਤਾ ਗਿਆ। ਇਥੋਂ ਦੇ ਪਿੰਡ ਸਾਈਆਂਵਾਲਾ ਤੋਂ ਇੱਕ ਵਿਸ਼ੇਸ਼ ਟਰੈਕਟਰ ਰੈਲੀ ਦੇ ਵੱਡੇ ਇਕੱਠ ਵਿਚ ਇਹ ਕਿਸਾਨ ਨੂਰਪੁਰ ਸੇਠਾਂ ਪਿੰਡ ’ਚ ਪੁੱਜੇ ਜਿਥੇ ਪਿੰਡ ਵਾਲਿਆਂ ਨੇ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਾ ਕੇ ਉਨ੍ਹਾਂ ਨੂੰ ਜੀ ਆਇਆਂ ਆਖਿਆ। ਜਥੇ ਵਿਚ ਸ਼ਾਮਲ ਪਿੰਡ ਅੱਛੇ ਹਾਕੇਵਾਲਾ ਤੋਂ ਬਾਪੂ ਬਖ਼ਸ਼ੀਸ਼ ਸਿੰਘ (88) ਅਤੇ ਪਿੰਡ ਸ਼ਾਹਦੀਨ ਵਾਲਾ ਤੋਂ ਸੁਖਬਾਜ ਸਿੰਘ ਨਾਗਪਾਲ ਜੋ ਇਸ ਸੰਘਰਸ਼ ਦੌਰਾਨ ਕਦੇ ਵੀ ਆਪਣੇ ਪਿੰਡ ਨਹੀਂ ਆਏ ਸਨ, ਨੂੰ ਪਿੰਡ ਵਾਸੀਆਂ ਨੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਤੇ ਪੂਰੇ ਪਿੰਡ ਵਿਚ ਲੱਡੂ ਵੰਡੇ ਗਏ। ਉਧਰ ਅੰਦੋਲਨ ਜਿੱਤਣ ਦੀ ਖੁਸ਼ੀ ਵਿਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਫਤਿਹ ਮਾਰਚ ਕੱਢ ਕੇ ਲੋਕਾਂ ਦਾ ਧੰਨਵਾਦ ਕੀਤਾ।
ਜਲਾਲਾਬਾਦ (ਨਿੱਜੀ ਪੱਤਰ ਪ੍ਰੇਰਕ): ਕਿਸਾਨੀ ਅੰਦੋਲਨ ਦੀ ਜਿੱਤ ਮਗਰੋਂ ਦਿੱਲੀ ਦੇ ਬਾਰਡਰਾਂ ਤੋਂ ਪਰਤੇ ਕਿਰਤੀ ਕਿਸਾਨ ਮੋਰਚੇ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੇ ਕਿਸਾਨ ਮਜ਼ਦੂਰ ਸੰਗਠਨ ਦਾ ਅੱਜ ਇਲਾਕੇ ਅੰਦਰ ਵੱਖ-ਵੱਖ ਥਾਈਂ ਸਵਾਗਤ ਕੀਤਾ ਗਿਆ।
ਸਥਾਨਕ ਅਨਾਜ ਮੰਡੀ ਵਿੱਚ ਕਿਸਾਨ ਅਸ਼ੋਕ ਦਹੂਜ ਦੀ ਆੜ੍ਹਤ ’ਤੇ ਕਿਸਾਨ ਯੂਨੀਅਨ ਕਾਦੀਆ ਦੇ ਆਗੂ ਮਨਪ੍ਰੀਤ ਸਿੰਘ ਸੰਧੂ, ਗੁਰਵਿੰਦਰ ਮੰਨੇਵਾਲਾ ਅਤੇ ਕਿਸਾਨ ਮਜ਼ਦੂਰ ਆਗੂ ਸੁਰਿੰਦਰ ਢੰਡੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸੇ ਤਰ੍ਹਾਂ ਕਿਰਤੀ ਕਿਸਾਨ ਮੋਰਚਾ ਇਕਾਈ ਚੱਕ ਸੈਦੋਕਾ ਦੇ ਕਿਸਾਨਾਂ ਦਾ ਪਿੰਡ ਪਰਤਣ ’ਤੇ ਲੋਕਾਂ ਦੁਆਰਾ ਕੀਤਾ ਸਵਾਗਤ ਕੀਤਾ ਗਿਆ। ਪਿੰਡ ਝੁੱਗੀਆਂ ਨੰਦ ਸਿੰਘ ਵਾਲਾ ਵਿੱਚ ਕਿਸਾਨਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਸਿਰੋਪਾ ਪਾ ਕੇ ਸਨਮਾਨਿਤ ਕੀਤਾ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਭਾਕਿਯੂ ਡਕੌਂਦਾ ਦੇ ਸੂਬਾਈ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਖ਼ਿਲਾਫ਼ ਜੰਗ ਜਿੱਤ ਕੇ ਮੁੜੇ ਕਿਸਾਨਾਂ ਦਾ ਪਿੰਡ ਲਹਿਰਾ ਮੁਹੱਬਤ ਦੇ ਸੈਂਕੜੇ ਪਿੰਡ ਵਾਸੀਆਂ ਨੇ ਹਾਰਾਂ, ਫੁੱਲਾਂ ਅਤੇ ਮਠਿਆਈ ਨਾਲ ਭਰਵਾਂ ਸਵਾਗਤ ਕੀਤਾ। ਉਨ੍ਹਾਂ ਕੌਮੀ ਮਾਰਗ ਤੋਂ ਲੈ ਕੇ ਪਿੰਡ ਤੱਕ ਜੇਤੂ ਮਾਰਚ ਕੀਤਾ।
ਫਾਜ਼ਿਲਕਾ (ਪਰਮਜੀਤ ਸਿੰਘ): ਕਿਸਾਨ ਮੋਰਚੇ ਦੀ ਜਿੱਤ ਤੋਂ ਬਾਅਦ ਅੱਜ ਕਿਸਾਨਾਂ ਵੱਲੋਂ ਫਾਜ਼ਿਲਕਾ ਦੇ ਪਿੰਡਾਂ ਅਤੇ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ’ਚ ਜੇਤੂ ਰੈਲੀ ਕੱਢੀ ਗਈ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ’ਚ ਕਿਸਾਨਾਂ ਨੇ ਹਿੱਸਾ ਲਿਆ।
ਸ਼ਹਿਣਾ (ਪੱਤਰ ਪ੍ਰੇਰਕ): ਖੇਤੀ ਕਾਨੂੰਨ ਰੱਦ ਕਰਾ ਕੇ ਪਰਤੇ ਕਿਸਾਨਾਂ ਦਾ ਸ਼ਹਿਣਾ ਇਲਾਕੇ ਦੀ ਸੰਗਤ ਵੱਲੋਂ ਭਰਵਾ ਸੁਆਗਤ ਕੀਤਾ ਗਿਆ। ਇਸ ਮੌਕੇ ਪਟਾਕੇ ਚਲਾਏ ਗਏ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ। ਕਿਸਾਨਾਂ ਨੂੰ ਪੰਜ ਕਿਲੋਮੀਟਰ ਦੂਰੀ ਤੋਂ ਪੱਖੋਂ ਕੈਂਚੀਆਂ ਤੋਂ ਲਗਭਗ 250 ਮੋਟਰਸਾਈਕਲਾਂ ਅਤੇ 150 ਟਰੈਕਟਰਾਂ ਦੇ ਕਾਫਲੇ ਨਾਲ ਲਿਆਂਦਾ ਗਿਆ। ਇਸ ਮੌਕੇ ਸਰਪੰਚ ਮਲਕੀਤ ਕੌਰ ਕਲਕੱਤਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ, ਸਮਾਜਸੇਵੀ ਸੁਖਵਿੰਦਰ ਸਿੰਘ ਕਲਕੱਤਾ, ਸਾਬਕਾ ਸਰਪੰਚ ਗੁਰਸ਼ਰਨਜੀਤ ਸਿੰਘ ਪੱਪੂ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਇਸ ਤੋਂ ਇਲਾਵਾ ਕਿਸਾਨੀ ਸੰਘਰਸ਼ ’ਚ 371 ਦਿਨ ਲਾਉਣ ਵਾਲੇ ਨੇਕ ਸਿੰਘ ਬਾਠ ਨੂੰ ਅੱਜ ਸਮਾਜ ਸੇਵੀਆਂ ਗੁਰਪ੍ਰੀਤ ਸਿੰਘ, ਹਰਬੰਸ ਸਿੰਘ, ਸੁਰਿੰਦਰਪਾਲ ਸਿੰਘ ਸੰਧੂ ਨੇ ਸਾਈਕਲ ਨਾਲ ਸਨਮਾਨਿਤ ਕੀਤਾ।
ਨਥਾਣਾ (ਪੱਤਰ ਪ੍ਰੇਰਕ): ਦਿੱਲੀ ਮੋਰਚਾ ਜਿੱਤਣ ਦੀ ਖੁਸ਼ੀ ਵਿੱਚ ਭਾਰਤੀ ਕਿਸਾਨ ਯੂਨੀਅਨ ਵੱਲੋਂ ਇਥੇ ਫਤਹਿ ਮਾਰਚ ਕੱਢਿਆ ਗਿਆ।
ਇਹ ਮਾਰਚ ਟਰੈਕਟਰਾਂ ਦੇ ਵੱਡੇ ਕਾਫਲੇ ਨਾਲ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੋਂ ਸ਼ਰੂ ਹੋਇਆ, ਜੋ ਪਿੰਡ ਦੇ ਵੱਖ-ਵੱਖ ਰਾਹਾਂ ਤੋਂ ਗੁਜ਼ਰਿਆ। ਇਸ ਮਾਰਚ ਵਿੱਚ ਵੱਡੀ ਗਿਣਤੀ ਕਿਸਾਨ ਵਰਕਰਾਂ ਅਤੇ ਕਿਸਾਨ ਔਰਤਾਂ ਨੇ ਸ਼ਮੂਲੀਅਤ ਕੀਤੀ ਸੀ।
ਸਾਦਿਕ (ਪੱਤਰ ਪ੍ਰੇਰਕ): ਦਿੱਲੀਓਂ ਮੁੜੇ ਕਿਸਾਨਾਂ ਦਾ ਸਾਦਿਕ ਵਿੱਚ ਭਰਵਾਂ ਸਵਾਗਤ ਕੀਤਾ ਗਿਆ। ਕਿਸਾਨਾਂ ਦਾ ਕਾਫਲਾ ਜਦੋਂ ਇੱਥੇ ਮੁੱਖ ਚੌਕ ਵਿੱਚ ਪੁੱਜਾ ਤਾਂ ਸਥਾਨਕ ਲੋਕਾਂ ਵੱਲੋਂ ਕਿਸਾਨ ਆਗੂਆਂ ਨੂੰ ਸਿਰੋਪੇ ਪਾਏ ਤੇ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ।
ਪਿੰਡ ਢੁੱਡੀਕੇ ਵਿੱਚ ਫਤਹਿ ਮਾਰਚ ਕੱਢਿਆ
ਅਜੀਤਵਾਲ (ਪੱਤਰ ਪ੍ਰੇਰਕ): ਇਤਿਹਾਸਕ ਪਿੰਡ ਢੁੱਡੀਕੇ ਵਿੱਚ ਦਿੱਲੀ ਕਿਸਾਨ ਮੋਰਚੇ ਦੀ ਜਿੱਤ ਦੀ ਖੁਸ਼ੀ ਵਿੱਚ ਗ੍ਰੀਨ ਮਿਸ਼ਨ ਢੁੱਡੀਕੇ, ਦੇਸ਼ ਭਗਤ ਸਪੋਰਟਸ ਕਲੱਬ ਢੁੱਡੀਕੇ , ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਇਕਾਈ ਢੁੱਡੀਕੇ, ਕਿਰਤੀ ਕਿਸਾਨ ਯੂਨੀਅਨ ls ਗ੍ਰਾਮ ਪੰਚਾਇਤ ਵਲੋਂ ਪਿੰਡ ਵਿੱਚ ਸਾਂਝੇ ਤੌਰ ’ਤੇ ਫਤਹਿ ਮਾਰਚ ਕੱਢਿਆ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਚੀਕਾ ਬਾਰਡਰ ’ਤੇ ਰੋਕਾਂ ਤੋੜ ਕੇ ਜਾਣ ਵਾਲੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਇਕਾਈ ਢੁੱਡੀਕੇ ਦੇ ਪ੍ਰਧਾਨ ਗੁਰਸ਼ਰਨ ਸਿੰਘ, ਰਸ਼ਿਵੰਦਰ ਸਿੰਘ ਬਿੱਟੂ ਬਲਰਾਜ ਬੱਲੂ ਤੇ ਹੋਰ ਟ੍ਰੈਕਟਰਾਂ ’ਤੇ ਸਨ। ਇਸ ਦੌਰਾਨ ਕਿਸਾਨਾਂ ਨੇ ਬਾਜਾ ਪੱਤੀ ਧਰਮਸ਼ਾਲਾ ਕੋਲ ਬਣੀ ਗਦਰੀ ਬਾਬਿਆਂ ਦੀ ਯਾਦਗਾਰ ਵਿੱਚ ਗਦਰੀ ਬਾਬਿਆਂ ਦੇ ਬੁੱਤਾਂ ’ਤੇ ਫੁੱਲ ਭੇਟ ਕੀਤੇ।
ਲੇਖਕ ਬਲਜੀਤ ਗਰੇਵਾਲ ਦਾ ਸਨਮਾਨ
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਫ਼ਤਿਹ ਸਮਾਗਮ ਸਮੇਂ ਪੁੱਜੇ ਪਿੰਡ ਰੌਂਤਾ ਦੇ ਲੇਖਕ ਬਲਜੀਤ ਗਰੇਵਾਲ ਨੂੰ ਕਿਸਾਨ ਮੋਰਚੇ ਨੂੰ ਸਮਰਪਿਤ ਪੁਸਤਕ ‘ਮਿੱਟੀ ਦੇ ਪੁੱਤ’ ਲਿਖਣ ਬਦਲੇ ਡਾ. ਸਵੈਮਾਣ ਸਿੰਘ ਨੇ ਸਨਮਾਨਤ ਕੀਤਾ। ਡਾ. ਸਵੈਮਾਣ ਸਿੰਘ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੀ ਜਿੱਤ ਵਿੱਚ ਕਿਸਾਨ, ਮਜ਼ਦੂਰ ਤੇ ਕਵੀਆਂ ਸਣੇ ਹਰ ਵਰਗ ਦਾ ਯੋਗਦਾਨ ਹੈ।
ਬੋਹਾ ਦੇ ਪਿੰਡਾਂ ਵਿੱਚ ਕਿਸਾਨਾਂ ਦਾ ਸਵਾਗਤ
ਬੋਹਾ (ਪੱਤਰ ਪ੍ਰੇਰਕ): ਦਿੱਲੀ ਦੇ ਬਾਰਡਰਾਂ ਤੋਂ ਪਰਤੇ ਕਿਸਾਨ ਯੋਧਿਆਂ ਦਾ ਬੋਹਾ ਖੇਤਰ ਦੇ ਕਈ ਪਿੰਡਾਂ ਵਿੱਚ ਭਰਵਾਂ ਸਵਾਗਤ ਕੀਤਾ ਗਿਆ। ਦੂਰ ਤੋਂ ਆਉਣ ਵਾਲੇ ਕਿਸਾਨ ਜਥਿਆਂ ਨੇ ਬੋਹਾ ਦੀ ਅਨਾਜ ਮੰਡੀ ਵਿਚ ਵਿਸ਼ਰਾਮ ਕੀਤਾ। ਇਸ ਦੌਰਾਨ ਮਾਰਕੀਟ ਕਮੇਟੀ ਬੋਹਾ ਦੇ ਚੇਅਰਮੈਨ ਜਗਦੇਵ ਸਿੰਘ ਘੋਗਾ ਤੇ ਉਸ ਦੇ ਸਾਥੀਆਂ ਵੱਲੋਂ ਕਿਸਾਨ ਆਗੂਆਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਲੱਡੂ ਵੰਡੇ। ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰੁਲਦੂ ਸਿੰਘ ਮਾਨਸਾ ਤੇ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਸਮਾਜ ਦੇ ਹਰੇਕ ਵਰਗ ਨੇ ਇਸ ਜਿੱਤ ਵਿਚ ਆਪਣਾ ਯੌਗਦਾਨ ਪਾਇਆ ਹੈ।