ਨਿੱਜੀ ਪੱਤਰ ਪ੍ਰੇਰਕ
ਮੋਗਾ, 10 ਮਾਰਚ
ਨਿਹਾਲ ਸਿੰਘ ਵਾਲਾ ਰਾਖਵਾਂ ਹਲਕਾ ਵੋਟਰਾਂ ਨੇ ਸਰਕਾਰ ਦੇ ਉਲਟ ਵਿਧਾਇਕ ਚੁਣਨ ਦੀ ਪਰੰਪਰਾ ਨੂੰ ਇਸ ਵਾਰ ਤੋੜ ਦਿੱਤਾ ਹੈ। ਇਸ ਹਲਕੇ ਦੀ ਕਮਾਂਡ ਲੰਮਾ ਸਮਾਂ ਸੀਪੀਆਈ ਦੇ ਹੱਥ ਰਹੀ ਹੈ। ਨਿਰੋਲ ਪੇਡੂ ਖੇਤਰ ਪੰਜ ਦਹਾਕੇ ਤੋਂ ਵੱਧ ਸਮੇਂ ਤੋਂ ਰਾਖਵਾਂ ਚਲੇ ਆ ਰਹੇ ਇਸ ਹਲਕੇ ਦੀ ਹਮੇਸ਼ਾ ਤਰਾਸਦੀ ਰਹੀ ਹੈ । ਇਸ ਹਲਕੇ ’ਚ 2012 ਦੀ ਵਿਧਾਨ ਸਭਾ ਚੋਣ ਨੂੰ ਛੱਡ ਕੇ ਪੰਜਾਬ ’ਚ ਜਿਹੜੀ ਸਰਕਾਰ ਸੱਤਾ ਵਿੱਚ ਆਈ ਉਸ ਤੋਂ ਵਿਰੋਧੀ ਉਮੀਦਵਾਰ ਹੀ ਇੱਥੋਂ ਚੋਣ ਜਿੱਤ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇ ਹਨ।
ਵਿਕਾਸ ਪੱਖੋਂ ਦੂਸਰੇ ਹਲਕਿਆਂ ਨਾਲੋਂ ਪਛੜੇ ਇਸ ਖ਼ੇਤਰ ਦੇ ਲੋਕਾਂ ਦੀ ਹੁਣ ਰਾਜਨੀਤੀ ’ਚ ਪਹਿਲਾਂ ਜਿੰਨੀ ਦਿਲਚਸਪੀ ਨਹੀਂ ਰਹੀ ਤੇ ਆਗੂਆਂ ਦੀ ਦਲ ਬਦਲੀ ਤੋਂ ਲੋਕ ਮਾਯੂਸ ਹਨ। ਇਸ ਵਾਰ ਹਲਕੇ ਦੇ ਲੋਕਾਂ ਨੇ ਦੂਜੀ ਵਾਰ ’ਆਪ’ ਵਿਧਾਇਕ ਮਨਜੀਤ ਸਿੰਘ ’ਤੇ ਵਿਸ਼ਵਾਸ ਜਤਾਇਆ ਹੈ। ਇਸ ਵਾਰ ਕਾਂਗਰਸ ਨੇ ਅਕਾਲੀ ਦਲ ’ਚੋਂ ਦਲ ਬਦਲੀ ਕਰਵਾ ਕੇ ਭੂਪਿੰਦਰ ਸਿੰਘ ਸਾਹੋਕੇ ਨੂੰ ਉਮੀਦਵਾਰ ਬਣਾਇਆ ਤੇ ਸਾਬਕਾ ਵਿਧਾਇਕਾ ਰਾਜਵਿੰਦਰ ਕੌਰ ਭਾਗੀਕੇ ਟਿਕਟ ਨਾ ਮਿਲਣ ਕਾਰਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਲੋਕ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਈ। ਦਰਅਸਲ ਬੀਬੀ ਭਾਗੀਕੇ 2012 ਵਿੱਚ ਅਕਾਲੀ ਦਲ ਦੀ ਟਿਕਟ ਉੱਤੇ ਵਿਧਾਇਕ ਚੁਣੀ ਗਈ ਸੀ ਤੇ ਸਾਲ 2017 ਦੀਆਂ ਚੋਣਾਂ ਵਿੱਚ ਬੀਬੀ ਭਾਗੀਕੇ ਦੀ ਅਕਾਲੀ ਦਲ ਨੇ ਟਿਕਟ ਕੱਟ ਦਿੱਤੀ ਤਾਂ ਉਹ ਕਾਂਗਰਸ ’ਚ ਸ਼ਾਮਲ ਹੋ ਕੇ ਇਥੋਂ ਚੋਣ ਲੜੀ ਪਰ ਅਸਫ਼ਲ ਰਹੀ ਹੈ।
ਇਸ ਹਲਕੇ ਦੀ ਬਤੌਰ ਵਿਧਾਇਕ ਨੁਮਾਇੰਦਗੀ ਕਰਨ ਵਾਲੇ ਅਜੀਤ ਸਿੰਘ ਸ਼ਾਂਤ 2005 ’ਚ ਅਕਾਲੀ ਦਲ ਛੱਡ ਕੇ ਕਾਂਗਰਸ ’ਚ ਸ਼ਾਮਲ ਹੋਏ ਪਰ ਉਨ੍ਹਾਂ ਨੂੰ 2007 ਦੀ ਵਿਧਾਨ ਸਭਾ ਚੋਣ ’ਚ ਕਾਂਗਰਸ ਟਿਕਟ ਨਾ ਮਿਲੀ ਤਾਂ ਉਹ ਇਥੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ ਅਤੇ ਕਾਂਗਰਸ ਨੂੰ ਸਮਰਥਨ ਦਿੱਤਾ। ਉਨ੍ਹਾਂ ਨੂੰ 2012 ਦੀ ਚੋਣ ਵਿੱਚ ਕਾਂਗਰਸ ਟਿਕਟ ਮਿਲੀ ਗਈ ਪਰ ਉਹ ਬੀਬੀ ਭਾਗੀਕੇ ਦੇ ਮੁਕਾਬਲੇ ਚੋਣ ਹਾਰ ਗਏ ਇਸ ਤੋਂ ਬਾਅਦ ਉਹ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ।
ਨਿਹਾਲ ਸਿੰਘ ਵਾਲਾ ਰਾਖਵੇਂ ਹਲਕੇ ਤੋਂ ਸਾਲ 1962’ਚ ਸੀਪੀਆਈ.ਦੇ ਗੁਰਬਖ਼ਸ਼ ਸਿੰਘ (ਜਰਨਲ) ਵਿਧਾਇਕ ਰਹੇ। ਇਸ ਤੋਂ ਬਾਅਦ ਇਹ ਹਲਕਾ ਰਾਖਵਾਂ ਹੋ ਗਿਆ ਤਾਂ 1967’ਚ ਸੀਪੀਆਈ.ਦੇ ਮੁਣਸ਼ਾ ਸਿੰਘ,1969 ’ਚ ਕਾਂਗਰਸ ਦੇ ਦਲੀਪ ਸਿੰਘ,1972’ਚ ਸੀਪੀਆਈ.ਦੇ ਸੱਗੜ ਸਿੰਘ ਰੌਂਤਾ, 1977 ’ਚ ਸ਼੍ਰ੍ਰੋਅਦ ਦੇ ਗੁਰਦੇਵ ਸਿੰਘ ਸ਼ਾਂਤ,1980’ਚ ਸੀਪੀਆਈ. ਸੱਗੜ ਸਿੰਘ ਰੌਂਤਾ, 1985’ਚ ਸ਼੍ਰੋਅਦ ਜ਼ੋਰਾ ਸਿੰਘ ਭਾਗੀਕੇ, 1992’ਚ ਸੀਪੀਆਈ.ਦੇ ਅਜੈਬ ਸਿੰਘ ਰੌਂਤਾ, 1997 ’ਚ ਸੀਪੀਆਈ. ਅਜੈਬ ਸਿੰਘ ਰੌਤਾਂ, 2002 ’ਚ ਸ਼੍ਰੋਅਦ ਜੋਰਾ ਸਿੰਘ ਭਾਗੀਕੇ, 2007’ਚ ਸੀਪੀਆਈ.ਅਜੈਬ ਸਿੰਘ ਰੌਤਾਂ ਤੇ 2012’ਚ ਸ਼੍ਰੋਅਦ ਬੀਬੀ ਰਾਜਵਿੰਦਰ ਕੌਰ ਭਾਗੀਕੇ ਵਿਧਾਇਕ ਚੁਣੀ ਗਈ ਤੇ ਸਾਲ 2017 ਵਿਚ ਇਸ ਹਲਕੇ ਤੋਂ ਆਮ ਆਦਮੀ ਪਾਰਟੀ ’ਆਪ’ ਉਮੀਦਵਾਰ ਮਨਜੀਤ ਸਿੰਘ ਬਿਲਾਸਪੁਰ ਚੁਣੇ ਗਏ ਸਨ ਜਿਨ੍ਹਾਂ ਦੇ ਹੱਕ ’ਚ ਮਿਸ਼ਨ 2022 ਦੀ ਚੋਣ ’ਚ ਵੋਟਰਾਂ ਨੇ ਦੂਜੀ ਵਾਰ ਫ਼ਤਵਾ ਦਿੱਤਾ ਹੈ।