ਜਸਵੰਤ ਜੱਸ
ਫ਼ਰੀਦਕੋਟ, 19 ਮਈ
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਕੁਦਰਤੀ ਤਰੀਕੇ ਨਾਲ ਸਬਜ਼ੀਆਂ ਪੈਦਾ ਕਰ ਕੇ ਵਿਦਿਆਰਥੀਆਂ ਨੂੰ ਮਿੱਡ-ਡੇਅ ਮੀਲ ਵਿੱਚ ਪਰੋਸਣ ਦਾ ਸੁਪਨਾ ਵੀ ਕਰੋਨਾ ਮਹਾਮਾਰੀ ਨੇ ਤੋੜ ਦਿੱਤਾ ਹੈ। ਸਕੂਲਾਂ ਵਿੱਚ ਬਗੀਚੀਆਂ ਕੁਦਰਤੀ ਸਬਜ਼ੀ ਨਾਲ ਭਰਪੂਰ ਹਨ ਪਰ ਸਕੂਲ ਲੰਮੇ ਸਮੇਂ ਤੋਂ ਬੰਦ ਹੋਣ ਕਾਰਨ ਵਿਦਿਆਰਥੀ ਘਰਾਂ ਵਿੱਚ ਹੀ ਕੈਦ ਹਨ, ਜਿਸ ਕਰਕੇ ਮਿੱਡ-ਡੇਅ ਮੀਲ ਸਕੀਮ ਵੀ ਆਰਜ਼ੀ ਤੌਰ ’ਤੇ ਬੰਦ ਪਈ ਹੈ। ਅਜਿਹੇ ਵਿੱਚ ਕੁਦਰਤੀ ਸਬਜ਼ੀਆਂ ਸਿੱਖਿਆ ਵਿਭਾਗ ਲਈ ਪ੍ਰੇਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਹਨ ਅਤੇ ਸਕੂਲ ਮੁਖੀਆਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਪੈਦਾ ਕੀਤੀ ਸਬਜ਼ੀ ਨੂੰ ਹੁਣ ਕਿਵੇਂ ਵਰਤਿਆ ਜਾਵੇ।
ਸੂਚਨਾ ਅਨੁਸਾਰ ਫ਼ਰੀਦਕੋਟ ਜ਼ਿਲ੍ਹੇ ਦੇ 412 ਸਕੂਲਾਂ ਵਿੱਚ ਮਿੱਡ-ਡੇਅ ਮੀਲ ਦੇ ਖਾਣੇ ਲਈ ਸਬਜ਼ੀ ਦੀਆਂ ਬਗੀਚੀਆਂ ਲਾਈਆਂ ਗਈਆਂ ਹਨ ਅਤੇ ਸਿੱਖਿਆ ਵਿਭਾਗ ਨੇ ਇਨ੍ਹਾਂ ਬਗੀਚੀਆਂ ਲਈ ਹਰੇਕ ਸਕੂਲ ਨੂੰ 3000 ਰੁਪਏ ਦੀ ਵਿਸ਼ੇਸ਼ ਗਰਾਂਟ ਵੀ ਦਿੱਤੀ ਸੀ। ਜ਼ਿਲ੍ਹਾ ਸਿੱਖਿਆ ਅਫ਼ਸਰ ਮਨਿੰਦਰ ਕੌਰ ਨੇ ਕਿਹਾ ਕਿ ਸਕੂਲਾਂ ਵਿੱਚ ਕੁਦਰਤੀ ਸਬਜ਼ੀਆਂ ਦੀ ਬੰਪਰ ਫ਼ਸਲ ਹੋਈ ਹੈ। ਮਿੱਡ-ਡੇਅ ਮੀਲ ਦੇ ਜਨਰਲ ਮੈਨੇਜਰ ਨੂੰ ਪੱਤਰ ਲਿਖ ਕੇ ਪੁੱਛਿਆ ਗਿਆ ਹੈ ਕਿ ਇਨ੍ਹਾਂ ਸਬਜ਼ੀਆਂ ਦੀ ਕਿਵੇਂ ਖਪਤ ਕੀਤੀ ਜਾਵੇ?
ਜ਼ਿਲ੍ਹੇ ਦੇ ਸਕੂਲਾਂ ਵਿੱਚ ਭਿੰਡੀ, ਸ਼ਿਮਲਾ ਮਿਰਚ, ਖੀਰੇ, ਹਰੀਆਂ ਮਿਰਚਾਂ, ਤਰਾਂ, ਟਮਾਟਰ ਆਦਿ ਸਬਜ਼ੀਆਂ ਉਗਾਈਆਂ ਗਈਆਂ ਸਨ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਜਨਰਲ ਮੈਨੇਜਰ ਦੀਆਂ ਹਦਾਇਤਾਂ ਮੁਤਾਬਕ ਹੀ ਸਬਜ਼ੀਆਂ ਨੂੰ ਵਰਤਿਆ ਜਾਵੇਗਾ।
ਮਿਹਨਤੀ ਵਿਦਿਆਰਥੀਆਂ ਨੂੰ ਇਨਾਮ ਵਜੋਂ ਭੇਜੀਆਂ ਜਾਣ ਲੱਗੀਆਂ ਸਬਜ਼ੀਆਂ
ਕੁਝ ਸਕੂਲਾਂ ਨੇ ਆਨਲਾਈਨ ਪੜ੍ਹਾਈ ਕਰਨ ਵਾਲੇ ਮਿਹਨਤੀ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਤੇ ਇਨਾਮ ਵਜੋਂ ਸਬਜ਼ੀਆਂ ਉਨ੍ਹਾਂ ਦੇ ਘਰਾਂ ਵਿੱਚ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਕਰਕੇ ਕੁਝ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਆਨਲਾਈਨ ਪੜ੍ਹਾਈ ਦਾ ਰੁਝਾਨ ਵੀ ਵਧਿਆ ਹੈ।