ਪੱਤਰ ਪ੍ਰੇਰਕ
ਬਰੇਟਾ, 29 ਸਤੰਬਰ
ਇਥੇ ਨਗਰ ਕੌਂਸਲ ਦੀ ਮਾਲਕੀ ਹੇਠ (ਜੁਮਲਾ ਮਾਲਕੀ ਦੀ) 41 ਕਨਾਲ 6 ਮਰਲੇ ਜ਼ਮੀਨ ਜੋ ਕਿ ਪਿਛਲੇ ਕਈ ਸਾਲਾਂ ਤੋਂ ਨਾਜਾਇਜ਼ ਕਬਜ਼ੇ ਅਧੀਨ ਸੀ, ਦੇ ਕੇਸ ਦਾ ਫੈਸਲਾ ਅਦਾਲਤ ਵੱਲੋਂ ਨਗਰ ਕੌਂਸਲ ਦੇ ਹੱਕ ਵਿੱਚ ਦਿੱਤਾ ਗਿਆ ਸੀ। ਇਸ ’ਤੇ ਜ਼ਮੀਨ ਦਾ ਕਬਜ਼ਾ ਲੈਣ ਦੇ ਹੁਕਮਾਂ ਦੀ ਤਾਮੀਲ ਕਰਦੇ ਹੋਏ ਅੱਜ ਪ੍ਰਸ਼ਾਸਨ ਵੱਲੋਂ ਕਾਨੂੰਗੋ ਜਸਵੰਤ ਸਿੰਘ ਦੀ ਮੌਜੂਦਗੀ ਵਿੱਚ ਮਿਣਤੀ ਕਰਕੇ ਸਾਰੇ ਪੰਜ ਥਾਵਾਂ ਦੇ ਕਬਜ਼ੇ ਕੁੱਲ 41 ਕਨਾਲ 6 ਮਰਲੇ ਜ਼ਮੀਨ ਘਰ ਅਤੇ ਉਪਜਾਉੂ ਜ਼ਮੀਨ ਆਪਣੇ ਕਬਜ਼ੇ ’ਚ ਕੀਤੀ ਗਈ। ਨਗਰ ਕੌਂਸਲ ਦੇ ਪ੍ਰਧਾਨ ਗਾਂਧੀ ਰਾਮ, ਉਪ ਪ੍ਰਧਾਨ ਦਰਸ਼ਨ ਸਿੰਘ ਕੌਂਸਲਰ ਓਮ ਪ੍ਰਕਾਸ਼ ਸਿੰਘ ਤੇ ਨਗਰ ਕੌਂਸਲ ਦੇ ਸਟਾਫ ਵੱਲੋਂ ਵੱਖ-ਵੱਖ ਥਾਵਾਂ ਤੇ ਨਗਰ ਕੌਸਲ ਦੇ ਬੋਰਡ ਤੇ ਕੰਡਿਆਲੀ ਤਾਰ ਲਗਾ ਕੇ ਕਬਜ਼ਾ ਅਮਲ ਵਿੱਚ ਲਿਆਂਦਾ ਗਿਆ। ਨਗਰ ਕੌਂਸਲ ਦੇ ਪ੍ਰਧਾਨ ਗਾਂਧੀ ਰਾਮ ਨੇ ਦੱਸਿਆ ਕਿ ਇਸ ਜ਼ਮੀਨ ਦੇ ਕਬਜ਼ੇ ਉਪਰੰਤ ਇਸ ਜ਼ਮੀਨ ਤੋਂ ਹੋਣ ਵਾਲੀ ਆਮਦਨ ਨੂੰ ਨਗਰ ਕੌਸਲ ਦੇ ਹਿੱਤਾਂ ਵਿੱਚ ਖਰਚ ਕੀਤਾ ਜਾਵੇਗਾ।