ਜੋਗਿੰਦਰ ਸਿੰਘ ਮਾਨ
ਮਾਨਸਾ, 11 ਅਗਸਤ
ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਨੇ ਸਿਹਤ ਵਿਭਾਗ ਵਿੱਚ ਹੈਲਥ ਵਰਕਰ (ਪੁਰਸ਼) ਦੀਆਂ ਕੱਢੀਆਂ ਅਸਾਮੀਆਂ ਵਿੱਚ ਉਮਰ ਹੱਦ ਵਿੱਚ ਛੋਟ ਨਾ ਦਿੱਤੇ ਜਾਣ ਦੇ ਰੋਸ ਵਜੋਂ 15 ਅਗਸਤ ਨੂੰ ਪਟਿਆਲਾ ਵਿੱਚ ਝੰਡਾ ਲਹਿਰਾਉਣ ਆ ਰਹੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੂੰ ਕਾਲੇ ਝੰਡੇ ਵਿਖਾਉਣ ਦਾ ਐਲਾਨ ਕੀਤਾ ਹੈ। ਜਥੇਬੰਦੀ ਨੇ ਮੰਗ ਕੀਤੀ ਕਿ ਇਨ੍ਹਾਂ ਅਸਾਮੀਆਂ ਦੀ ਗਿਣਤੀ ਦੁੱਗਣੀ ਕੀਤੀ ਜਾਵੇ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਪਿਆਰ ਸਿੰਘ ਬੋੜਾਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਬੇਰੁਜ਼ਗਾਰਾਂ ਨਾਲ ਵਾਅਦਾ ਕਰਕੇ ਉਮਰ ਹੱਦ ਵਿੱਚ ਛੋਟ ਦੇਣ ਤੋਂ ਮੁੱਕਰ ਚੁੱਕੀ ਹੈ। ਜਥੇਬੰਦੀ ਨੇ ਫ਼ੈਸਲਾ ਕੀਤਾ ਕਿ 15 ਅਗਸਤ ਤੱਕ ਆਪਣੇ ਘਰਾਂ ਉੱਤੇ ਕਾਲੀ ਆਜ਼ਾਦੀ ਮਨਾਉਣ ਵਜੋਂ ਕਾਲੇ ਝੰਡੇ ਲਗਾਉਣ, ਮੰਗਾਂ ਨਾਲ ਸਬੰਧਿਤ ਸਮੁੱਚੇ ਪੰਜਾਬ ਅੰਦਰ ਨਾਅਰੇ ਲਿਖਣ ਦੀ ਮੁਹਿੰਮ ਤੇਜ਼ ਕਰਨ ਅਤੇ 15 ਅਗਸਤ ਨੂੰ ਸਿਹਤ ਮੰਤਰੀ ਨੂੰ ਪਟਿਆਲਾ ਵਿੱਚ ਕਾਲੀਆਂ ਝੰਡੀਆਂ ਵਿਖਾਉਣ ਦੀ ਵਿਉਂਤਬੰਦੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸਿਹਤ ਮਹਿਕਮੇਂ ਵਿਚ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਵਿੱਚ ਛੋਟ ਦੇਕੇ ਭਰਤੀ ਕਰਨ ਦਾ ਐਲਾਨ ਕੀਤਾ ਜਾਵੇ। ਇਸ ਮੌਕੇ ਸੁਖਵਿੰਦਰ ਸਿੰਘ ਢਿੱਲਵਾਂ, ਅਮਰੀਕ ਬਠਿੰਡਾ, ਸੁਖਦੇਵ ਸਿੰਘ ਜਲਾਲਾਬਦ, ਜਸਪਾਲ ਸਿੰਘ ਘੁੰਮਣ, ਅੰਮ੍ਰਿਤਪਾਲ ਸਿੰਘ, ਕੁਲਦੀਪ ਸਿੰਘ ਭੁਪਾਲ, ਨਵਦੀਪ ਸਿੰਘ ਬੁਰਜ ਹਰੀ, ਅਮਰੀਕ ਸਿੰਘ ਅਤੇ ਬਲਜਿੰਦਰ ਰੱਲਾ ਨੇ ਕਾਲੇ ਝੰਡੇ ਲਹਿਰਾਏ।
ਬੀਐਡ ਟੈੱਟ ਪਾਸ ਬੇਰੁਜ਼ਗਾਰਾਂ ਵੱਲੋਂ ਮੰਤਰੀ ਦੀ ਕੋਠੀ ਦੇ ਘਿਰਾਓ ਲਈ ਲਾਮਬੰਦੀ
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਸਰਕਾਰ ਦੀਆਂ ਮਾਰੂ ਸਿੱਖਿਆ ਨੀਤੀਆਂ ਖਿਲਾਫ਼ ਬੇਰੁਜ਼ਗਾਰ ਬੀਐੱਡ ਟੈੱਟ ਪਾਸ ਅਧਿਆਪਕਾਂ ਨੇ ਆਪਣੇ ਘਰਾਂ ਦੀਆਂ ਛੱਤਾਂ ’ਤੇ ਕਾਲੇ ਝੰਡੇ ਲਹਿਰਾ ਕੇ ਵਿਰੋਧ ਕੀਤਾ। ਬੇਰੁਜ਼ਗਾਰੀ ਦਾ ਆਲਮ ਹੰਢਾ ਰਹੇ ਟੈੱਟ ਪਾਸ ਬੇਰੁਜ਼ਗਾਰ ਬਾਜ਼ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਨੇ ਦੱਸਿਆ ਕਿ ਸਰਕਾਰ ਇੱਕ ਪਾਸੇ ਨੌਕਰੀਆਂ ਦੇਣ ਦੇ ਝੂਠੇ ਵਿਖਾਵੇ ਕਰ ਰਹੀ ਹੈ ਦੂਜੇ ਪਾਸ ਬੀਐੱਡ ਟੈੱਟ ਪਾਸ ਅਧਿਆਪਕ ਰੁਜ਼ਗਾਰ ਲਈ ਹੱਥ ਅੱਡ ਰਹੇ ਹਨ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਸੱਦੇ ’ਤੇ 15 ਅਗਸਤ ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਬਾਜ਼ ਸਿੰਘ ਨਾਲ ਊਸਦੇ ਪਰਿਵਾਰ ਨੇ ਤਖ਼ਤੀਆਂ ਫੜ ਕੇ ਸਰਕਾਰ ਖ਼ਿਲਾਫ਼ ਤਿਖੜ ਦੁਪਹਿਰੇ ਸਖ਼ਤ ਵਿਰੋਧ ਕੀਤਾ। ਨਿਹਾਲ ਸਿੰਘ ਵਾਲਾ ਹਲਕੇ ਦੇ ਹੋਰ ਟੈੱਟ ਪਾਸ ਬੇਰੁਜ਼ਗਾਰਾਂ ਨੇ ਵੀ ਕਾਲੇ ਝੰਡੇ ਲਹਿਰਾਏ। ਲੋਕ ਪੱਖੀ ਆਗੂਆਂ ਅਮਨਦੀਪ ਮਾਛੀਕੇ, ਦਰਸ਼ਨ ਸਿੰਘ ਹਿੰਮਤਪੁਰਾ, ਸੁਖਮੰਦਰ ਸਿੰਘ ਨਿਹਾਲ ਸਿੰਘ ਵਾਲਾ ਅਤੇ ਸ਼ਿੰਗਾਰਾ ਸਿੰਘ ਸੈਦੋਕੇ ਨੇ ਅਧਿਆਪਕਾਂ ਦੀ ਪੱਕੀ ਨਿਯੁਕਤੀ ਦੀ ਮੰਗ ਕੀਤੀ।