ਰਵਿੰਦਰ ਰਵੀ
ਬਰਨਾਲਾ, 14 ਅਕਤੂਬਰ
ਇੱਕ ਤੇਜ਼ ਰਫਤਾਰ ਬੁਲੇਟ ਮੋਟਰਸਾਈਕਲ ਬੇਕਾਬੂ ਹੋ ਕੇ ਟਰੱਕ ਹੇਠ ਵੜ ਗਿਆ, ਜਿਸ ਕਰਕੇ ਮੋਟਰਸਾਈਕਲ ਸਵਾਰ 3 ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਬਿੰਦੂ ਸਿੰਘ ਤੇ ਅੰਮ੍ਰਿਤ ਸਿੰਘ ਨਿਵਾਸੀ ਮਹਿਤਾ ਅਤੇ ਗੁਰਵਿੰਦਰ ਸਿੰਘ ਵਾਸੀ ਕੁੱਬੇ ਬੁਲੇਟ ਮੋਟਰਸਾਈਕਲ (ਨੰਬਰ ਪੀਬੀ19 ਐਸ 7258) ’ਤੇ ਬਰਨਾਲਾ ਤੋਂ ਸੰਗਰੂਰ ਵੱਲ ਜਾ ਰਹੇ ਸਨ ਤੇ ਸਾਹਮਣੇ ਬੱਸ ਸਟੈਂਡ ’ਤੇ ਕੂਹਣੀ ਮੌੜ ਉੱਤੇ ਆਪਣੇ ਪਾਸੇ ਆ ਰਹੇ ਟਰੱਕ ਹੇਠ ਜਾ ਵੜੇ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ। ਪ੍ਰਤੱਖਦਰਸ਼ੀਆਂ ਨੇ ਨੌਜਵਾਨਾਂ ਨੂੰ ਟਰੱਕ ਹੇਠੋਂ ਕੱਢ ਕੇ ਸਰਕਾਰੀ ਹਸਪਤਾਲ ਧਨੌਲਾ ’ਚ ਪਹੁੰਚਾਇਆ, ਜਿੱਥੇ ਡਿਊਟੀ ’ਤੇ ਮੌਜੂਦ ਡਾ. ਖੁਸਪ੍ਰੀਤ ਸਿੰਘ ਤੇ ਸਟਾਫ ਨੇ ਮੁੱਢਲੀ ਸਹਾਇਤਾ ਦਿੱਤੀ। ਉਪਰੰਤ ਉਨ੍ਹਾਂ ਨੂੰ ਬਰਨਾਲਾ ਤੇ ਫਿਰ ਪਟਿਆਲਾ ਤੇ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਟਰੱਕ ਡਰਾਈਵਰ ਘਟਨਾ ਤੋਂ ਬਾਅਦ ਫਰਾਰ ਹੋ ਗਿਆ। ਥਾਣਾ ਧਨੌਲਾ ਦੇ ਇੰਚਾਰਜ ਡੀਐੱਸਪੀ ਵਿਸ਼ਵਜੀਤ ਸਿੰਘ ਮਾਨ ਤੁਰੰਤ ਆਪਣੀ ਟੀਮ ਸਮੇਤ ਘਟਨਾ ਸਥਾਨ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।