ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 13 ਜੁਲਾਈ
ਫ਼ਰੀਦਕੋਟ ਜ਼ਿਲ੍ਹੇ ਦੇ ਸ਼ਹਿਰ ਕੋਟਕਪੂਰੇ ਦੇ ਮੁਹੱਲਾ ਜਲਾਲੇਆਣਾ ਰੋਡ ’ਤੇ ਸਥਿਤ ਇੰਦਰਾ ਕਾਲੌਨੀ ਵਿੱਚ ਇੱਕ ਕਾਂਗਰਸੀ ਮਹਿਲਾ ਕੌਂਸਲਰ ਦੀ ਸੱਸ ਤੇ ਉਸਦੇ ਪਤੀ ਵੱਲੋਂ ਚਿੱਟੇ (ਡਰੱਗ) ਦੀਆਂ ਪੁੜੀਆਂ ਬਣਾ ਕੇ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿੱਚ ਕੌਂਸਲਰ ਦੀ ਸੱਸ ਤੇ ਕੁਝ ਹੋਰ ਔਰਤਾਂ ਨਸ਼ੀਲੇ ਪਦਾਰਥ ਦੀਆਂ ਪੁੜੀਆਂ ਪੈਕਿੰਗ ਕਰਦੀਆਂ ਵਿਖਾਈ ਦੇ ਰਹੀਆਂ ਹਨ। ਪੁਲੀਸ ਨੇ ਵੀਡੀਓ ’ਤੇ ਆਧਾਰ ’ਤੇ ਇੰਦਰਾ ਕਾਲੌਨੀ ’ਤੇ ਛਾਪਾ ਮਾਰ ਕੇ ਦੋ ਔਰਤਾਂ ਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਦੋਂਕਿ ਵਾਇਰਲ ਹੋਈ ਔਰਤ ਪੁਲੀਸ ਨੂੰ ਚਮਕਾ ਦੇ ਕੇ ਫਰਾਰ ਹੋਣ ਵਿੱਚ ਸਫਲ ਹੋ ਗਈ ਹੈ। ਪੁਲੀਸ ਨੇ ਛਾਪੇ ਦੌਰਾਨ ਦੋਵਾਂ ਔਰਤਾਂ ਕੋਲੋਂ 25 ਗਰਾਮ ਹੈਰੋਇਨ ਅਤੇ 105000 ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ।
ਜ਼ਿਲ੍ਹਾ ਪੁਲੀਸ ਮੁਖੀ ਅਵਨੀਤ ਕੌਰ ਸਿੱਧੂ ਨੇ ਪ੍ਰੈੱਸ ਵਾਰਤਾ ਵਿੱਚ ਦੱਸਿਆ ਕਿ ਫ਼ਰੀਦਕੋਟ ਪੁਲੀਸ ਵੱਲੋਂ ਡਰੱਗ ਦੀ ਰੋਕਥਾਮ ਲਈ ਹੈਲਪ ਲਾਈਨ ਜਾਰੀ ਕੀਤੀ ਗਈ ਹੈ ਜਿਸ ਤਹਿਤ ਫ਼ਰੀਦਕੋਟ ਪੁਲੀਸ ਦੇ ਵੱਟ੍ਹਸਐਪ ’ਤੇ ਇਹ ਵੀਡੀਓ ਉਨ੍ਹਾਂ ਤੱਕ ਪਹੁੰਚੀ। ਪੁਲੀਸ ਜਾਂਚ ਦੌਰਾਨ ਵੀਡੀਓ ਵਿਚ ਕੌਂਸਲਰ ਦੀ ਮਾਂ ਨਸ਼ੀਲੇ ਪਦਾਰਥ ਦੀਆਂ ਪੁੜੀਆਂ ਪੈਕਿੰਗ ਕਰ ਰਹੀ ਸੀ। ਇਸ ਇਲਾਕੇ ਵਿੱਚ ਸਰ੍ਹੇਆਮ ਨਸ਼ਾ ਵਿਕਦਾ ਹੈ ਜਿਸ ਕਰਕੇ ਇਹ ਇਲਾਕਾ ਲੰਮੇਂ ਸਮੇਂ ਤੋਂ ਬਦਨਾਮ ਹੈ।
ਪੁਲੀਸ ਨੇ ਛਾਪੇ ਦੌਰਾਨ ਅਸ਼ਵਨੀ ਕੁਮਾਰ ਪੁੱਤਰ ਬਾਦਲ ਰਾਮ ਵਾਸੀ ਕੋਟਕਪੂਰਾ, ਲੱਜਾ ਪਤਨੀ ਸ਼ਿਕੰਦਰ ਸਿੰਘ ਵਾਸੀ ਕੋਟਕਪੂਰਾ ਅਤੇ ਇੱਕ ਹੋਰ ਔਰਤ ਨੂੰ ਇਸ ਮਾਮਲੇ ਵਿੱਚ ਸ਼ਾਮਲ ਪਾਇਆ ਅਤੇ ਇਨ੍ਹਾਂ ਤੋਂ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕੀਤੀ। ਪੁਲੀਸ ਨੇ ਅਸ਼ਵਨੀ ਕੁਮਾਰ ਤੇ ਲੱਜਾ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂਕਿ ਕੌਂਸਲਰ ਦੀ ਸੱਸ ਫਰਾਰ ਹੋ ਗਈ। ਇਸ ਦੌਰਾਨ ਐੱਸਐੱਸਪੀ ਅਵਨੀਤ ਕੌਰ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਦੇ ਕਾਰਜਕਲ ਦੌਰਾਨ ਉਨ੍ਹਾਂ ਵੱਲੋਂ ਫ਼ਰੀਦਕੋਟ ਜ਼ਿਲੇ ਅੰਦਰ 78 ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 119 ਡਰੱਗ ਦੇ ਮੁਲਜ਼ਮ ਹਿਰਾਸਤ ਵਿੱਚ ਲਏ ਗਏ ਹਨ। ਇਸ ਵਿੱਚ 3 ਕਿਲੋ 700 ਗਰਾਮ ਅਫੀਮ, ਪੋਪੀ ਹਾਸ 80 ਕਿਲੋ, 50 ਹਜਾਰ ਨਸ਼ੀਲੀ ਗੋਲੀਆਂ, 550 ਗਰਾਮ ਹੈਰੋਇਨ ਡਰੱਗ ਬਰਾਮਦ ਤੇ 11 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਵਿੱਚ 55 ਦੇ ਕਰੀਬ ਸਰਚ ਅਪਰੇਸ਼ਨ ਚਲਾਏ ਹਨ।