ਪਵਨ ਗੋਇਲ
ਭੁੱਚੋ ਮੰਡੀ, 4 ਅਗਸਤ
ਪਿੰਡ ਭੁੱਚੋ ਖੁਰਦ ਵਿੱਚ ਹਰਦੀਪ ਸਿੰਘ ਪੁੱਤਰ ਸ਼ੇਰ ਸਿੰਘ ਗਿੱਲ ਨੇ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਕਾਰਨ ਬਰਬਾਦ ਹੋਈ ਨਰਮੇ ਦੀ ਤਿੰਨ ਏਕੜ ਅਤੇ ਫੌਜਾ ਸਿੰਘ ਪੁੱਤਰ ਗਿੰਦਰ ਸਿੰਘ ਨੇ ਪੌਣੇ ਦੋ ਏਕੜ ਫ਼ਸਲ ਵਾਹ ਦਿੱਤੀ ਹੈ। ਪੀੜਤ ਕਿਸਾਨ ਹਰਦੀਪ ਸਿੰਘ ਨੇ ਕਿਹਾ ਕਿ ਨਰਮੇ ਦੀ ਫ਼ਸਲ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਉਸ ਨੇ ਸਪਰੇਅ ਕੀਤੀ ਸੀ, ਪਰ ਫ਼ਸਲ ’ਤੇ ਹੋਇਆ ਚਿੱਟੀ ਮੱਖੀ ਦਾ ਹਮਲਾ ਘਟਿਆ ਨਹੀਂ। ਚਿੱਟੀ ਮੱਖੀ ਨਾ ਮਰਨ ਕਾਰਨ ਉਸ ਨੂੰ ਆਖ਼ਰ ਫ਼ਸਲ ਵਾਹੁਣੀ ਪਈ। ਕਿਸਾਨ ਫੌਜਾ ਸਿੰਘ ਨੇ ਕਿਹਾ ਕਿ ਉਸ ਨੇ ਨਛੱਤਰ ਸਿੰਘ ਤੋਂ ਜ਼ਮੀਨ ਠੇਕੇ ’ਤੇ ਲੈ ਕੇ ਨਰਮਾ ਬੀਜਿਆ ਸੀ। ਨਰਮਾ ਖ਼ਰਾਬ ਹੋਣ ਨਾਲ ਉਸ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ।
ਨਰਮਾ ਵਾਹੁਣ ਮੌਕੇ ਮੌਜੂਦ ਕਿਰਤੀ ਕਿਸਾਨ ਯੂਨੀਅਨ ਦੀ ਪਿੰਡ ਇਕਾਈ ਦੀ ਸਕੱਤਰ ਹਰਪ੍ਰੀਤ ਕੌਰ ਅਤੇ ਭਾਕਿਯੂ ਡਕੌਂਦਾ ਦੇ ਪਿੰਡ ਇਕਾਈ ਆਗੂ ਨਛੱਤਰ ਸਿੰਘ, ਜੱਗਾ ਸਿੰਘ ਅਤੇ ਚੰਦ ਸਿੰਘ ਨੇ ਕਿਹਾ ਕਿ ਇਸ ਪਿੰਡ ਦੇ ਦਰਜਨ ਤੋਂ ਵੱਧ ਕਿਸਾਨ ਲਗਭਗ 40 ਏਕੜ ਨਰਮੇ ਦੀ ਫ਼ਸਲ ਵਾਹੁਣ ਲਈ ਤਿਆਰ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ ਨਰਮਾ ਖ਼ਰਾਬੇ ਦਾ ਚਾਲੀ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।