ਯਸ਼ ਚਟਾਨੀ
ਬਾਘਾ ਪੁਰਾਣਾ, 5 ਅਕਤੂਬਰ
ਪਿੰਡ ਰਾਜਿਆਣਾ ਵਿੱਚ ਇਕ ਮਜ਼ਦੂਰ ਜਗਸੀਰ ਸਿੰਘ ਪੁੱਤਰ ਸੁਰਜੀਤ ਸਿੰਘ ਸੀਤੂ ਦੇ ਪਰਿਵਾਰ ਵੱਲੋਂ ਖੇਤਾਂ ਵਿੱਚੋਂ ਲਿਆਂਦਾ ਗਿਆ ਹਰਾ ਚਾਰਾ (ਘਾਹ) ਖਾਣ ਨਾਲ ਦੋ ਮੱਝਾਂ ਤੇ ਇਕ ਕਟੜੂ ਦੀ ਮੌਤ ਹੋ ਗਈ, ਜਿਸ ਨਾਲ ਇਸ ਮਜ਼ਦੂਰ ਪਰਿਵਾਰ ਦਾ ਕਾਫੀ ਵਿੱਤੀ ਨੁਕਸਾਨ ਹੋਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਜਗਸੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਖੇਤਾਂ ’ਚੋਂ ਲਿਆਂਦਾ ਹਰਾ ਚਾਰਾ ਕੁਤਰ ਕੇ ਮੱਝਾਂ ਨੂੰ ਪਾਇਆ ਤਾਂ ਚਾਰਾ ਖਾਣ ਤੋਂ ਕੁਝ ਹੀ ਦੇਰ ਬਾਅਦ ਦੋ ਮੱਝਾਂ ਤੇ ਇਕ ਕਟੜੂ ਤੜਪਣ ਲੱਗ ਪਏ ਜਿਸ ਕਾਰਨ ਪਰਿਵਾਰਕ ਮੈਂਬਰਾਂ ਵਿੱਚ ਹਫੜਾ-ਦਫੜੀ ਮੱਚ ਗਈ। ਉਨ੍ਹਾਂ ਨੇ ਤੁਰੰਤ ਪਸ਼ੂਆਂ ਦੇ ਡਾਕਟਰ ਨੂੰ ਸੱਦਿਆ ਪਰ ਕੋਈ ਫਾਇਦਾ ਨਹੀਂ ਹੋਇਆ। ਜ਼ਹਿਰੀਲੇ ਕੀਟਨਾਸ਼ਕ ਜਾਂ ਕੋਈ ਹੋਰ ਜ਼ਹਿਰੀਲੀ ਵਸਤੂ ਵਾਲਾ ਹਰਾ ਚਾਰਾ ਖਾਣ ਕਰ ਕੇ ਤਿੰਨੋਂ ਪਸ਼ੂਆਂ ਦੀ ਤੜਪ ਤੜਪ ਕੇ ਮੌਤ ਹੋ ਗਈ। ਗਰੀਬ ਮਜ਼ਦੂਰ ਪਰਿਵਾਰ ਦਾ ਘਰ ਦਾ ਗੁਜ਼ਾਰਾ ਸਿਰਫ਼ ਪਸ਼ੂਆਂ ਸਹਾਰੇ ਅਤੇ ਦਿਹਾੜੀ ਕਰ ਕੇ ਹੀ ਚੱਲਦਾ ਸੀ। ਪਸ਼ੂਆਂ ਦੀ ਹੋਈ ਮੌਤ ਕਾਰਨ ਪੀੜਤ ਪਰਿਵਾਰ ਸਦਮੇ ਵਿੱਚ ਹੈ। ਇਸ ਵਾਪਰੀ ਮੰਦਭਾਗੀ ਘਟਨਾ ’ਤੇ ਕਿਰਤੀ ਕਿਸਾਨ ਯੂਨੀਅਨ ਅਤੇ ਪਿੰਡ ਵਾਸੀਆਂ ਨੇ ਅਫਸੋਸ ਜਤਾਇਆ ਅਤੇ ਇਸ ਪੀੜਤ ਮਜ਼ਦੂਰ ਪਰਿਵਾਰ ਦੇ ਹੋਏ ਵੱਡੇ ਨੁਕਸਾਨ ਦੀ ਭਰਪਾਈ ਲਈ ਪੰਜਾਬ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ, ਤਾਂ ਜੋ ਪੀੜਤ ਪਰਿਵਾਰ ਦੇ ਘਰ ਦਾ ਗੁਜ਼ਾਰਾ ਦੁਬਾਰਾ ਹੋ ਸਕੇ। ਇਸ ਘਟਨਾ ਦੀ ਜਾਣਕਾਰੀ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾ ਪੁਰਾਣਾ ਦੇ ਬਲਾਕ ਪ੍ਰਧਾਨ ਚਮਕੌਰ ਸਿੰਘ ਰੋਡੇ ਖੁਰਦ ਅਤੇ ਬਲਾਕ ਸਕੱਤਰ ਜਸਮੇਲ ਸਿੰਘ ਰਾਜਿਆਣਾ ਨੇ ਪ੍ਰੈੱਸ ਨੂੰ ਦਿੱਤੀ।