ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 5 ਅਕਤੂਬਰ
ਥਾਣਾ ਮਹਿਣਾ ਦੀ ਪੁਲੀਸ ਨੇ ਕਾਰ ਸਵਾਰ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਕਿਲੋ ਅਫੀਮ ਬਰਾਮਦ ਕੀਤੀ ਹੈ।
ਥਾਣਾ ਮਹਿਣਾ ਦੇ ਮੁਖੀ ਇਕਬਾਲ ਹੁਸੈਨ ਨੇ ਦੱਸਿਆ ਕਿ ਪੁਲੀਸ ਨੇ ਪੱਕੀ ਸੂਚਨਾ ਮਿਲਣ ’ਤੇ ਮਹਿਣਾ ਫਾਟਕ ਨੇੜੇ ਨਾਕਾ ਲਗਾ ਕੇ ਇਕ ਸਫੈਦ ਕਾਰ ਨੂੰ ਰੋਕ ਕੇ ਕਾਰ ਸਵਾਰਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਇਕ ਕਿੱਲੋ ਅਫੀਮ ਬਰਾਮਦ ਕੀਤੀ ਗਈ। ਬਾਅਦ ਵਿੱਚ ਪੁਲੀਸ ਵੱਲੋਂ ਮੁਲਜ਼ਮਾਂ ਕੋਲੋਂ ਕੀਤੀ ਗਈ ਪੁੱਛਗਿਛ ਦੌਰਾਨ ਉਨ੍ਹਾਂ ਕੋਲੋਂ 300 ਗ੍ਰਾਮ ਅਫੀਮ ਹੋਰ ਬਰਾਮਦ ਕੀਤੀ ਗਈ। ਥਾਣਾ ਮੁਖੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਪਛਾਣ ਸਰਬਜੀਤ ਸਿੰਘ ਸੋਨੀ ਤੇ ਗੁਰਦੇਵ ਸਿੰਘ ਬਿੱਲੂ ਵਾਸੀ ਕਾਉਂਕੇ, ਜਗਰਾਉਂ ਵਜੋਂ ਹੋਈ ਹੈ। ਉਕਤ ਮੁਲਜ਼ਮ ਇਹ ਅਫੀਮ ਰਾਜਸਥਾਨ ਤੋਂ ਲਿਆ ਕੇ ਪੰਜਾਬ ਵਿੱਚ ਵੇਚਦੇ ਸਨ। ਇਸ ਮਾਮਲੇ ਵਿੱਚ ਅਜੇ ਹੋਰ ਪਰਤਾਂ ਖੁੱਲ੍ਹਣ ਦੀ ਆਸ ਹੈ।
20 ਗ੍ਰਾਮ ਹੈਰੋਇਨ ਸਣੇ ਇਕ ਵਿਅਕਤੀ ਕਾਬੂ
ਜ਼ੀਰਾ (ਪੱਤਰ ਪ੍ਰੇਰਕ): ਥਾਣਾ ਮੱਖੂ ਦੀ ਪੁਲੀਸ ਨੇ 20 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਥਾਣਾ ਮੱਖੂ ਦੇ ਸਬ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਸ਼ੱਕੀ ਵਿਅਕਤੀਆਂ ਦੇ ਸਬੰਧ ਵਿੱਚ ਬੱਸ ਅੱਡਾ ਪਿੰਡ ਜੋਗੇ ਵਾਲਾ ਕੋਲ ਗਸ਼ਤ ਕਰ ਰਹੀ ਸੀ। ਇਸ ਦੌਰਾਨ ਇੱਕ ਨੌਜਵਾਨ ਜਾਂਦਾ ਦਿਖਾਈ ਦਿੱਤਾ ਜੋ ਕਿ ਪੁਲੀਸ ਪਾਰਟੀ ਨੂੰ ਦੇਖ ਕੇ ਖਬਰਾ ਗਿਆ। ਉਸ ਨੂੰ ਰੋਕ ਕੇ ਉਸ ਕੋਲੋਂ ਪੁੱਛਗਿਛ ਕੀਤੀ ਤਾਂ ਉਸ ਨੇ ਆਪਣਾ ਨਾਮ ਬੂਟਾ ਸਿੰਘ ਵਾਸੀ ਖੰਨਾ, ਮੱਖੂ ਦੱਸਿਆ। ਉਸ ਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲੀਸ ਨੇ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।