ਪੱਤਰ ਪ੍ਰੇਰਕ
ਭੁੱਚੋ ਮੰਡੀ, 5 ਮਈ
ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵਿੱਚੋਂ ਸੁਆਹ ਚੁੱਕਣ ਦੇ ਮਾਮਲੇ ਨੂੰ ਲੈ ਕੇ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਟਰੈਕਟਰ ਟਰਾਲੀ ਐਸੋਸੀਏਸ਼ਨ ਥਰਮਲ ਪਲਾਂਟ ਲਹਿਰਾ ਮੁਹੱਬਤ ਅਤੇ ਟਰੱਕ ਅਪਰੇਟਰਜ਼ ਯੂਨੀਅਨ ਭੁੱਚੋ ਮੰਡੀ ਨੇ ਇੱਕ ਦੂਜੇ ਖ਼ਿਲਾਫ਼ ਧਰਨੇ ਦਿੱਤੇ ਅਤੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਦੋ ਵਾਰ ਸਥਿਤੀ ਜ਼ਿਆਦਾ ਤਨਾਅਪੂਰਨ ਬਣ ਗਈ ਸੀ। ਦੋਵੇਂ ਧਿਰਾਂ ਆਪਣੀ ਆਪਣੀ ਜਿੱਦ ’ਤੇ ਅੜੀਆਂ ਹੋਈਆਂ ਸਨ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਹੇਠ ਕੀਤਾ।
ਇਸ ਮੌਕੇ ਡੀਐੱਸਪੀ ਭੁੱਚੋ ਹਰਿੰਦਰ ਸਿੰਘ ਡੋਡ, ਨਥਾਣਾ ਦੇ ਨਾਇਬ ਤਹਿਸੀਲਦਾਰ ਅਵਤਾਰ ਸਿੰਘ ਅਤੇ ਐੱਸਐੱਚਓ ਨਥਾਨਾ ਜਗਦੀਪ ਸਿੰਘ ਨੇ ਥਰਮਲ ਵਿੱਚ ਦੋਵਾਂ ਧਿਰਾਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਟਰੱਕ ਅਪਰੇਟਰਜ਼ ਯੂਨੀਅਨ ਦੇ ਕਮੇਟੀ ਮੈਂਬਰ ਬਰਿੰਦਰਪਾਲ ਬਿੰਪਾ, ਹਰਦਮ ਸਿੰਘ ਅਤੇ ਕੁਲਦੀਪ ਸਿੰਘ, ਟਰਾਲੀ ਯੂਨੀਅਨ ਦੇ ਸਕੱਤਰ ਗੁਰਵਿੰਦਰ ਸਿੰਘ ਅਤੇ ਸਰਪ੍ਰਸਤ ਪੂਰਨ ਸਿੰਘ ਸ਼ਾਮਲ ਸਨ। ਅਧਿਕਾਰੀਆਂ ਨੇ ਦੋਵੇਂ ਧਿਰਾਂ ਦੀ ਇਸ ਗੱਲ ’ਤੇ ਸਹਿਮਤੀ ਕਰਵਾ ਦਿੱਤੀ ਕਿ ਟਰਾਲੀ ਯੂਨੀਅਨ ਥਰਮਲ ਵਿੱਚੋਂ ਸੁਆਹ ਚੁੱਕਣ ਦਾ ਕੰਮ ਕਰੇਗੀ ਅਤੇ ਟਰੱਕ ਯੂਨੀਅਨ ਥਰਮਲ ਵਿੱਚੋਂ ਸਕਰੈਪ ਅਤੇ ਕੋਲੇ ਦਾ ਚੂਰਾ ਚੁੱਕੇਗੀ। ਇਸ ਤੋਂ ਬਾਅਦ ਦੋਵੇਂ ਧਿਰਾਂ ਸ਼ਾਂਤ ਹੋ ਗਈਆਂ। ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਆਗੂ ਜਗਜੀਤ ਸਿੰਘ ਲਹਿਰਾ ਅਤੇ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਭਰਵਾਂ ਸਹਿਯੋਗ ਦਿੱਤਾ।