ਪੱਤਰ ਪ੍ਰੇਰਕ
ਭੁੱਚੋ ਮੰਡੀ, 12 ਅਪਰੈਲ
ਇੱਥੋਂ ਦੇ ਰੇਲਵੇ ਸਟੇਸ਼ਨ ’ਤੇ ਰੇਲਾਂ ਦੇ ਠਹਿਰਾਅ ਲਈ ਇਲਾਕੇ ਦੀਆਂ ਦੋ ਦਰਜਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ, ਜਿਸ ਸਬੰਧੀ ਅੱਜ ਡੀਆਰਐੱਮ ਜੀ.ਐਮ ਸਿੰਘ ਅੰਬਾਲਾ ਨੇ ਐਕਸ਼ਨ ਕਮੇਟੀ ਦੇ ਮੈਂਬਰਾਂ ਬਿਰਜ ਲਾਲ, ਕਾਮਰੇਡ ਅਸ਼ਵਨੀ ਕੁਮਾਰ, ਪ੍ਰਦੀਪ ਬਾਂਸਲ, ਨੀਰਜ ਬਾਂਸਲ, ਪਵਨ ਭੋਲਾ ਅਤੇ ਕਿਸਾਨ ਆਗੂ ਬਲਵੀਰ ਸਿੰਘ ਨਾਲ ਗੱਲਬਾਤ ਕੀਤੀ। ਇਸ ਮੌਕੇ ਆਗੂਆਂ ਨੇ ਡੀਆਰਐੱਮ ਨੂੰ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਰੇਲਵੇ ਨੇ ਤਾਲਾਬੰਦੀ ਮੌਕੇ ਭੁੱਚੋ ਮੰਡੀ ਵਿੱਚ ਰੇਲਾਂ ਦਾ ਠਹਿਰਾਅ ਬੰਦ ਕਰ ਦਿੱਤਾ ਸੀ, ਹਾਲਾਤ ਸੁਧਰਨ ਤੋਂ ਬਾਅਦ ਰੇਲਾਂ ਚੱਲ ਤਾਂ ਪਈਆਂ, ਪਰ ਭੁੱਚੋ ਮੰਡੀ ਰੇਲਵੇ ਸਟੇਸ਼ਨ ’ਤੇ ਠਹਿਰਾਅ ਸ਼ੁਰੂ ਨਹੀਂ ਕੀਤਾ ਗਿਆ। ਡੀਆਰਐੱਮ ਜੀਐੱਮ ਸਿੰਘ ਨੇ ਐਕਸ਼ਨ ਕਮੇਟੀ ਦੇ ਮੈਂਬਰਾਂ ਨੂੰ ਕਿਹਾ ਕਿ ਇਸ ਸਬੰਧੀ ਰੇਲਵੇ ਬੋਰਡ ਨੂੰ ਸਿਫਾਰਸ਼ ਕਰਕੇ 30 ਅਪਰੈਲ ਤੱਕ ਰੇਲਾਂ ਦੇ ਠਹਿਰਾਅ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਇੱਕ ਹਫ਼ਤੇ ਵਿੱਚ ਟਿਕਟਾਂ ਦਾ ਰਾਖਵਾਂਕਰਨ ਸ਼ੁਰੂ ਕਰ ਦਿੱਤਾ ਜਾਵੇਗਾ। ਐਕਸ਼ਨ ਕਮੇਟੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹ ਸਮੱਸਿਆ ਹੱਲ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।