ਇਕਬਾਲ ਸਿੰਘ ਸ਼ਾਂਤ
ਲੰਬੀ, 21 ਜਨਵਰੀ
ਖੇਤੀ ਕਾਨੂੰਨਾਂ ਰੱਦ ਕਰਵਾਉਣ ਲਈ 26 ਜਨਵਰੀ ਦੇ ਦਿੱਲੀ ਮਾਰਚ ਦੀ ਤਿਆਰੀ ਤਹਿਤ ਅੱਜ ਹਲਕਾ ਲੰਬੀ ਦੇ ਤਕਰੀਬਨ ਤਿੰਨ ਦਰਜਨ ਪਿੰਡਾਂ ਵਿੱਚ ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਵਿਸ਼ਾਲ ਟਰੈਕਟਰ ਮਾਰਚ ਕੀਤਾ ਗਿਆ। ਜਿਸ ਵਿੱਚ ਸੈਂਕੜੇ ਕਿਸਾਨਾਂ ਵੱਲੋਂ 600 ਟਰੈਕਟਰਾਂ ਸਮੇਤ ਹਿੱਸਾ ਲਿਆ ਗਿਆ। ਪਹਿਲਾ ਕਾਫ਼ਲਾ ਨੌਜਵਾਨ ਭਾਰਤ ਸਭਾ ਦੇ ਆਗੂ ਜਗਦੀਪ ਸਿੰਘ ਖੁੱਡੀਆਂ ਦੀ ਅਗਵਾਈ ਵਿੱਚ ਪਿੰਡ ਸਿੰਘੇਵਾਲਾ ਤੋਂ ਰਵਾਨਾ ਹੋਇਆ। ਸਿੰਘੇਵਾਲਾ ਪਿੰਡ ਤੋਂ ਇਹ ਕਾਫਲਾ ਮਿੱਠੜੀ, ਗੱਗੜ, ਬਾਦਲ, ਮਾਨਾਂ, ਬੀਦੋਵਾਲੀ, ਲਾਲਬਾਈ , ਚੰਨੂ , ਆਧਨੀਆਂ, ਸਹਿਣਾ ਖੇੜਾ, ਖੁੱਡੀਆਂ , ਲੰਬੀ , ਪੰਜਾਵਾ , ਸਿੱਖਵਾਲਾ, ਫਤੂਹੀ ਖੇੜਾ, ਰੋੜਾਵਾਲੀ, ਭੀਟੀਵਾਲਾ, ਹਾਕੂਵਾਲਾ, ਕਖਾਂਵਾਲੀ, ਬਣਵਾਲਾ, ਮਹਿਣਾ, ਭਾਗੂ ਹੁੰਦਾ ਹੋਇਆ ਲਾਗਲੇ ਪਿੰਡ ਖਿਉਵਾਲੀ ਤੱਕ ਠਾਠਾਂ ਮਾਰਦੇ ਜੋਸ਼ ਨਾਲ ਇਹ ਕਾਫਲਾ ਅੱਗੇ ਵਧਦਾ ਰਿਹਾ। ਦੂਜਾ ਕਾਫਲੇ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਦੇ ਮੀਤ ਪ੍ਰਧਾਨ ਹਰਪਾਲ ਸਿੰਘ ਕਿੱਲਿਆਂਵਾਲੀ ਦੀ ਅਗਵਾਈ ਵਿੱਚ ਪਿੰਡ ਕਿੱਲਿਆਂਵਾਲੀ ਤੋਂ ਸ਼ੁਰੂ ਹੋ ਕੇ ਲੁਹਾਰਾ, ਘੁਮਿਆਰ , ਵੜਿੰਗਖੇੜਾ, ਮਿਡੂਖੇੜਾ, ਫੱਤਾ ਕੇਰਾ, ਭੁੱਲਰਵਾਲਾ, ਭੀਟੀਵਾਲਾ, ਤਰਮਾਲਾ, ਰੋੜਾਂਵਾਲੀ ਆਦਿ ਪਿੰਡਾਂ ਵਿੱਚ ਵਿਸ਼ਾਲ ਮਾਰਚ ਕੀਤਾ ਗਿਆ।
ਪਿੰਡ ਭੀਟੀਵਾਲਾ ਵਿੱਚ ਕਾਫਲਾ ਰੋਕ ਕੇ ਕਿਸਾਨਾਂ ਵੱਲੋਂ ਬੀਤੇ ਦਿਨੀ ਕਿਸਾਨ ਮੋਰਚੇ ਵਿਚ ਵਿੱਚ ਸ਼ਹੀਦ ਹੋਏ ਪਿੰਡ ਦੇ ਨੌਜਵਾਨ ਬੋਹੜ ਸਿੰਘ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ।
ਚਾਉਕੇ (ਰਮਨਦੀਪ ਸਿੰਘ): ਇਥੇ ਖੇਤੀ ਕਾਨੂੰਨ ਰੱਦ ਕਰਵਾਉਣ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ’ਤੇ ਬਲਾਕ ਰਾਮਪੁਰਾ ਦੇ ਪਿੰਡਾਂ ਦੇ ਨੌਜਵਾਨਾਂ ਨੇ ਰਿਲਾਇੰਸ ਪੰਪ ਰਾਮਪੁਰਾ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਦੋ ਗਰੁੱਪਾਂ ਵਿੱਚ ਵਿਸ਼ਾਲ ਟਰੈਕਟਰ ਮਾਰਚ ਪਿੰਡਾਂ ਵਿੱਚੋਂ ਹੁੰਦਾ ਹੋਇਆ ਪਿੰਡ ਮੰਡੀ ਕਲਾਂ ਅਤੇ ਸੂਚ ਵਿੱਚ ਸਮਾਪਤ ਕੀਤਾ।
ਸਮਾਲਸਰ (ਗੁਰਜੰਟ ਕਲਸੀ): ਇਥੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਬਾਘਾ ਪੁਰਾਣਾ ਇਕਾਈ ਦੇ ਲੰਡੇ, ਸਮਾਲਸਰ, ਡੇਮਰੂ ਕਲਾਂ, ਮਾੜੀ ਮੁਸਤਫਾ, ਵਾਂਦਰ, ਬੰਬੀਹਾ ਭਾਈ, ਸੁਖਾਨੰਦ, ਲਧਾਈ ਕੇ ਕਰੀਬ 30-32 ਪਿੰਡਾਂ ਦੇ ਕਿਸਾਨਾ ਨੇ ਦਿੱਲੀ ਟਰੈਕਟਰ ਮਾਰਚ ਦੀ ਰਿਹਰਸਲ ਕਰਦਿਆਂ ਅੱਜ ਕਰੀਬ 2150 ਟਰੈਕਟਰਾਂ ਨਾਲ ਮਾਰਚ ਕੀਤਾ। ਬਾਘਾ ਪੁਰਾਣਾ ਦੀ ਦਾਣਾ ਮੰਡੀ ਵਿੱਚੋਂ ਟਰੈਕਟਰਾਂ ਦਾ ਵੱਡਾ ਕਾਫ਼ਲਾ ਹਲਕੇ ਦੇ ਅਨੇਕਾਂ ਪਿੰਡਾਂ ਵਿਚੋਂ ਗੁਜ਼ਰਿਆ। ਯੂਨੀਅਨ ਨੇਤਾ ਕੁਲਵੰਤ ਸੰਘਾ ਨੇ ਦੱਸਿਆ ਕਿ ਕਰੀਬ 35 ਟਰੈਕਟਰਾਂ ਵਿੱਚ ਤੇਲ ਲੰਡੇ ਦੇ ਕਿਸਾਨ ਇੰਦਰਜੀਤ ਸਰਾਂ ਮੋਢੀ ਨੇ ਆਪਣੇ ਕੋਲੋਂ ਭਰਵਾਇਆ। ਸਰਦੂਲਗੜ੍ਹ(ਬਲਜੀਤ ਸਿੰਘ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸਰਦੂਲਗੜ੍ਹ ਵੱਲੋਂ ਦਿੱਲੀ ਮੋਰਚੇ ਦੇ ਸੱਦੇ ’ਤੇ 26 ਜਨਵਰੀ ਦੀ ਰਿਹਰਸਲ ਦੀ ਤਿਆਰੀ ਲਈ ਕਿਸਾਨਾਂ ਵੱਲੋਂ ਵਿਸ਼ਾਲ ਟਰੈਕਟਰ ਰੋਡ ਸ਼ੋਅ ਕੀਤਾ ਗਿਆ। ਬਲਾਕ ਦੇ ਵੱਖ-ਵੱਖ ਪਿੰਡਾਂ ਦਾ ਵਿਸ਼ਾਲ ਟਰੈਕਟਰ ਮਾਰਚ ਯੂਨੀਅਨ ਦੇ ਜ਼ਿਲ੍ਹਾ ਕਮੇਟੀ ਮੁਹਿੰਮ ਮੈਂਬਰ ਸਰਪੰਚ ਗੁਰਸੇਵਕ ਸਿੰਘ ਫੱਤਾ ਮਾਲੋਕਾ ਦੀ ਅਗਵਾਈ ਚ ਕੱਢਿਆ ਗਿਆ।
300 ਤੋਂ ਜ਼ਿਆਦਾ ਟਰੈਕਟਰਾਂ ਨਾਲ ਕਿਸਾਨਾਂ ਵੱਲੋਂ ਰੋਡ ਸ਼ੋਅ
ਮੰਡੀ ਲੱਖੇਵਾਲੀ (ਜਸਪ੍ਰੀਤ ਸਿੰਘ ਸੇਖੋਂ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸ੍ਰੀ ਮੁਕਤਸਰ ਸਾਹਿਬ ਵੱਲੋਂ ਦਿੱਲੀ ਮੋਰਚੇ ਦੇ ਸੱਦੇ ’ਤੇ 26 ਜਨਵਰੀ ਦੀ ਰਿਹਸਲ ਦੀ ਤਿਆਰੀ ਲਈ ਕਿਸਾਨਾਂ ਵੱਲੋਂ ਵਿਸ਼ਾਲ ਟਰੈਕਟਰ ਰੋਡ ਸ਼ੋਅ ਕੀਤਾ ਗਿਆ। ਬਲਾਕ ਪ੍ਰਧਾਨ ਰਾਜਿੰਦਰ ਸਿੰਘ ਰਾਜਾ, ਜ਼ਿਲ੍ਹਾ ਸਕੱਤਰ ਗੁਰਦਿੱਤਾ ਸਿੰਘ ਭਾਗਸਰ , ਡੀਟੀਐੱਫ ਆਗੂ ਰਾਮ ਸਵਰਨ ਲੱਖੇਵਾਲੀ ਨੇ ਦੱਸਿਆ ਕਿ ਇਹ ਮਾਰਚ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ 15 ਪਿੰਡਾਂ ਤੋਂ ਆਏ ਟਰੈਕਟਰਾਂ ਨਾਲ ਪਿੰਡ ਭਾਗਸਰ ਤੋਂ ਸ਼ੁਰੂ ਕਰ ਕੇ ਰਹੂੜਿਆਂਵਾਲੀ , ਮਹਾਂਬੱਧਰ, ਭੰਗਚੜੀ, ਦਬੜਾ, ਤਾਮਕੋਟ, ਨਾਨੂਵਾਲਾ, ਖੁੰਡੇ ਹਲਾਲ , ਚਿੱਬੜਾਂ ਵਾਲੀ ,ਚੱਕ ਸ਼ੇਰੇਵਾਲਾ, ਨੰਦਗੜ੍ਹ, ਲੱਖੇਵਾਲੀ, ਮਦਰੱਸਾ , ਕੌੜਿਆਂਵਾਲੀ ਆਦਿ ਪਿੰਡਾਂ ਰਾਹੀਂ ਹੁੰਦਾ ਹੋਇਆ ਪਿੰਡ ਰਾਮਗੜ੍ਹ ਚੂੰਘਾਂ ਜਾ ਕੇ ਖਤਮ ਹੋਵੇਗਾ। ਜਿਸ ਵਿੱਚ ਵੱਖ ਵੱਖ ਪਿੰਡਾਂ ਦੇ 300 ਤੋਂ ਵੱਧ ਟਰੈਕਟਰਾਂ ਨੇ ਹਿੱਸਾ ਲਿਆ ਅਤੇ 100 ਕਿਲੋਮੀਟਰ ਦੇ ਕਰੀਬ ਰੋਡ ਸ਼ੋਅ ਹੋਵੇਗਾ। ਇਕਾਈ ਲੱਖੇਵਾਲੀ ਪ੍ਰਧਾਨ ਹਰਚਰਨ ਸਿੰਘ ਨੇ ਕਿਹਾ ਕਿ ਇਹ ਟਰੈਕਟਰ ਮਾਰਚ ਦਿੱਲੀ ਤੱਕ ਦੀ ਚਾਰ ਸੌ ਕਿਲੋਮੀਟਰ ਦੀ ਦੂਰੀ ਤਹਿ ਕਰਨ ਅਤੇ 26 ਜਨਵਰੀ ਦੀ ਕਿਸਾਨ ਪਰੇਡ ਦੀ ਰਿਹਸਲ ਕਰਨ ਲਈ ਇੱਕ ਨਮੂਨਾ ਸਾਬਤ ਹੋਵੇਗਾ। ਇਸ ਮੌਕੇ ਭਾਗਸਰ ਇਕਾਈ ਪ੍ਰਧਾਨ ਹਰਫੂਲ ਸਿੰਘ , ਤਰਸੇਮ ਸਿੰਘ ਖੂੰਡੇ ਹਲਾਲ , ਕਾਕਾ ਸਿੰਘ ਖੂੰਡੇ ਹਲਾਲ , ਜਗਸੀਰ ਸਿੰਘ ਲੱਖੇਵਾਲੀ ਆਦਿ ਕਿਸਾਨ ਅਤੇ ਮਜ਼ਦੂਰ ਆਗੂ ਹਾਜ਼ਰ ਸਨ।
ਟਰੈਕਟਰਾਂ ਵਿੱਚ ਤੇਲ ਪਾਉਣ ਲਈ ਅੱਗੇ ਆ ਰਹੇ ਨੇ ਸਮਾਜਸੇਵੀ ਕਲੱਬ
ਮਹਿਲ ਕਲਾਂ (ਨਵਕਿਰਨ ਸਿੰਘ): 26 ਜਨਵਰੀ ਨੂੰ ਦਿੱਲੀ ਦੇ ਬਾਹਰੀ ਰਿੰਗ ਰੋਡ ’ਤੇ ਹੋਣ ਵਾਲੀ ਕਿਸਾਨ ਪਰੇਡ ਲਈ ਕੁਝ ਸਮਾਜ ਸੇਵੀ ਸੰਸਥਾਵਾਂ/ਖੇਡ ਕਲੱਬ/ਪਰਵਾਸੀ ਭਾਰਤੀ ਆਪ ਮੁਹਾਰੇ ਟਰੈਕਟਰਾਂ ਦੇ ਆਉਣ ਜਾਣ ਦੇ ਤੇਲ ਦਾ ਪੂਰਾ ਖਰਚਾ ਓਟ ਰਹੇ ਹਨ। ਇਥੇ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਸਪੋਰਟਸ ਕਲੱਬ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਮਹਿਲ ਕਲਾਂ ਪਿੰਡ ਵਿੱਚ ਜਿੰਨੇ ਵੀ ਟਰੈਕਟਰ ਰੇਡ ਵਿੱਚ ਸ਼ਾਮਲ ਹੋਣਗੇ ਹਰ ਟਰੈਕਟਰ ਵਿੱਚ 5 ਹਜ਼ਾਰ ਰੁਪਏ ਦਾ ਤੇਲ ਕਲੱਬ ਵੱਲ ਪਾਇਆ ਜਾਵੇਗਾ। ਇਸੇ ਤਰ੍ਹਾਂ ਪਿੰਡ ਸਹਿਜੜ੍ਹਾ ਨਾਲ ਸਬੰਧਤ ਸ਼ਹੀਦ ਊਧਮ ਸਿੰਘ ਯੂਥ ਕਲੱਬ ਸਹਿਜੜ੍ਹਾ ਵੱਲੋਂ ਦਿੱਲੀ ਕਿਸਾਨ ਪਰੇਡ ਵਿੱਚ ਹਿੱਸਾ ਲੈਣ ਵਾਲੇ ਟਰੈਕਟਰਾਂ ਦਾ ਪੂਰਾ ਤੇਲ ਖਰਚਾ ਦੇਣ ਦਾ ਐਲਾਣ ਕੀਤਾ ਗਿਆ ਹੈ।