ਮਹਿੰਦਰ ਸਿੰਘ ਰੱਤੀਆਂ
ਮੋਗਾ, 14 ਸਤੰਬਰ
ਸੂਬੇ ਵਿੱਚ ਇੱਕ ਛੱਤ ਹੇਠ ਸੇਵਾਵਾਂ ਦੇਣ ਲਈ ਖੋਲ੍ਹੇ ਸੇਵਾ ਕੇਂਦਰਾਂ ’ਚ ਮੋਟੀ ਫੀਸ ਭਰ ਕੇ ਵੀ ਆਮ ਜਨਤਾ ਨੂੰ ਖੱਜਲ ਖੁਆਰੀ ਤੋਂ ਰਾਹਤ ਨਹੀਂ ਮਿਲ ਰਹੀ। ਬਹੁਤੇ ਸੇਵਾ ਕੇਂਦਰਾਂ ਦਾ ਦਰਵਾਜ਼ਾ ਖੁੱਲ੍ਹਣ ਤੋਂ ਪਹਿਲਾਂ ਹੀ ਟੋਕਨ ਖ਼ਤਮ ਹੋ ਜਾਂਦੇ ਹਨ। ਇਥੇ ਟੋਕਨ ਹਾਸਲ ਕਰਨ ਤੋਂ ਚਾਰ ਦਿਨ ਬਾਅਦ ਵਾਰੀ ਆਉਣ ਕਾਰਨ ਲੋਕ ਆਪਣੇ ਨਿੱਕੇ-ਮੋਟੇ ਕੰਮ ਕਰਾਉਣ ਲਈ ਗੇੜੇ ਮਾਰਦੇ ਥੱਕ ਜਾਂਦੇ ਹਨ। ਜ਼ਿਲ੍ਹਾ ਇੰਚਾਰਜ ਰੋਸ਼ਨ ਲਾਲ ਸ਼ਰਮਾ ਨੇ 4 ਦਿਨ ਦੇ ਟੋਕਟ ਸਿਸਟਮ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਭੀੜ ਕਾਰਨ ਸੇਵਾ ਕੇਂਦਰਾਂ ਦਾ ਸਮਾਂ ਵਧਾਉਣ ਲਈ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਗਈ ਹੈ। ਸਰਕਾਰ ਵੱਲੋਂ ਇੱਕ ਛੱਤ ਥੱਲੇ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਏਜੰਟਾਂ ਦੇ ਝੰਜਟ ’ਚੋਂ ਕੱਢਣ ਲਈ ਪਹਿਲਾਂ ਸੁਵਿਧਾ ਸੇਂਟਰ ਅੇਤੇ ਹੁਣ ਸੇਵਾ ਕੇਂਦਰ ਮੁਲਾਜ਼ਮ ਫਾਇਲਾਂ ’ਤੇ ਬੇਤੁਕੇ ਅਤੇ ਵਾਰ-ਵਾਰ ਇਤਰਾਜ਼ ਲਾ ਕੇ ਮੁੜ ਏਜੰਟਾਂ ਦੇ ਚੱਕਰਾਂ ਵਿਚ ਪਾਉਣ ਲਈ ਕਥਿਤ ਮਜਬੂਰ ਕਰ ਰਹੇ ਹਨ। ਏਜੰਟਾਂ ਅਤੇ ਪਹੁੰਚ ਵਾਲਿਆਂ ਨੂੰ ਪਿਛਲੇ ਦਰਵਾਜ਼ੇ ਰਾਹੀਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਥੇ ਵਿਧਵਾ ਪੈਨਸ਼ਨ ਦਾ ਫ਼ਾਰਮ ਭਰਨ ਆਈ ਬਲਵਿੰਦਰ ਕੌਰ ਅਤੇ ਬੁਢਾਪਾ ਪੈਨਸ਼ਨ ਫ਼ਾਰਮ ਭਰਨ ਲਈ ਹਰਬੰਸ ਕੌਰ ਪਿੰਡ ਕੋਰੇਵਾਲਾ ਦਾ ਸਵੇਰੇ 9 ਵਜੇ ਹੀ ਇਹ ਕਹਿ ਕੇ ਟੋਕਨ ਪਾੜ ਦਿੱਤਾ ਕਿ ਉਹ ਸਮੇਂ ਸਿਰ ਨਹੀਂ ਆਈਆਂ। ਨਿਰਮਲ ਸਿੰਘ ਪਿੰਡ ਮੰਗੇਵਾਲਾ ਨੇ ਕਿਹਾ ਕਿ ਉਹ ਜਨਮ ਸਰਟੀਫ਼ਿਕੇਟ ਦੀ ਅਰਜ਼ੀ ਦੇਣ ਲਈ 3 ਦਿਨ ਤੋਂ ਖ਼ੁਆਰ ਹੋ ਰਿਹਾ ਹੈ। ਅੰਗਰੇਜ਼ ਸਿੰਘ ਪਿੰਡ ਗਿੱਲ ਨੇ ਦੱਸਿਆ ਕਿ ਉਸ ਦੀ ਅੱਜ 14 ਸਤੰਬਰ ਨੂੰ ਵਿਦੇਸ਼ ਜਾਣ ਦੀ ਉਡਾਣ ਹੈ, ਉਹ ਆਪਣੇ ਕੰਮ ਲਈ ਬਾਘਾਪੁਰਾਣਾ ਸੇਵਾ ਕੇਂਦਰ ਉੱਤੇ 13 ਸਤੰਬਰ ਨੂੰ ਗਿਆ ਤਾਂ ਉਸ ਕੋਲੋਂ ਸੇਵਾ ਕੇਂਦਰ ਕਾਊਂਟਰ ਉੱਤੇ ਇੱਕ ਫ਼ਾਰਮ ਭਰਨ ਦੀ 500 ਰੁਪਏ ਫ਼ੀਸ ਲੈ ਕੇ ਉਸ ਨੂੰ ਮੋਗਾ ਸੇਵਾ ਕੇਂਦਰ ਉੱਤੇ ਫ਼ਾਈਲ ਜਮ੍ਹਾਂ ਕਰਵਾਉਣ ਲਈ ਹੁਕਮ ਚਾੜ੍ਹ ਦਿੱਤਾ, ਜਦੋਂ ਕਿ ਉਸ ਦੀ ਅੱਜ ਉਡਾਣ ਹੈ ਜਦਕਿ ਇਕ ਹੋਰ ਗੁਰਮੇਲ ਸਿੰਘ ਸਮੇਤ ਦੋਵਾਂ ਨੂੰ 16 ਸਤੰਬਰ ਨੂੰ ਆਉਣ ਦਾ ਟੋਕਨ ਦਿੱਤਾ ਗਿਆ ਹੈ। ਇਥੇ ਰੋਜ਼ਾਨਾ ਸੈਂਕੜੇ ਲੋਕ ਖੱਜਲ ਖੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕੇਂਦਰ ਲੋਕਾਂ ਲਈ ਸੁਵਿਧਾ ਕੇਂਦਰ ਦੀ ਥਾਂ ਦੁਵਿਧਾ ਕੇਂਦਰ ਬਣ ਕੇ ਰਹਿ ਗਏ ਹਨ ਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੇ ਸੇਵਾ ਕੇਂਦਰਾਂ ਉੱਤੇ ਲੋਕ ਸਵੇਰੇ 5 ਵਜੇ ਆ ਕੇ ਕਤਾਰ ਵਿੱਚ ਲੱਗ ਜਾਂਦੇ ਹਨ ਤੇ ਅਤੇ ਸੁਰੱਖਿਆ ਗਾਰਡ ਹੀ ਗੇਟ ਖੋਲਦੇ ਹੀ ਟੋਕਨ ਖ਼ਤਮ ਹੋ ਜਾਣ ਦੀ ਗੱਲ ਆਖ ਦਿੰਦਾ ਹੈ। ਮੋਟੀ ਸੇਵਾ ਫ਼ੀਸ ਲੈਣ ਬਾਅਦ ਵੀ ਲੋਕਾਂ ਨੂੰ ਉਨ੍ਹਾਂ ਦਾ ਕੰਮ ਹੋਣ ਬਾਰੇ ਫੋਨ ਤੇ ਸੁਨੇਹਾ ਨਹੀਂ ਜਾਂਦਾ। ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਸਾਰੇ ਸੇਵਾ ਕੇਂਦਰਾਂ ਦਾ ਸਮਾਂ 15 ਸਤੰਬਰ ਤੋਂ ਅਗਲੇ ਹੁਕਮਾਂ ਤੱਕ ਸਵੇਰੇ 8 ਵਜੇ ਤੋਂ 5:30 ਵਜੇ ਤੱਕ ਦਾ ਕਰ ਦਿੱਤਾ ਗਿਆ ਹੈ।
ਲੰਬੀ ਦੇ ਸੇਵਾ ਕੇਂਦਰ ’ਚ 84 ਹਜ਼ਾਰ ਲੋਕਾਂ ਲਈ ਇੱਕ ਮੁਲਾਜ਼ਮ
ਲੰਬੀ (ਇਕਬਾਲ ਸਿੰਘ ਸ਼ਾਂਤ): ਹਲਕਾ ਲੰਬੀ ਦੀ ਕਰੀਬ ਢਾਈ ਲੱਖ ਆਬਾਦੀ ਸਿਰਫ਼ ਤਿੰਨ ਸੇਵਾ ਕੇਂਦਰ ਤੱਕ ਸੀਮਤ ਕਰ ਦਿੱਤੀ ਹੈ। ਟਾਈਪ-3 ਕਿਸਮ ਦੇ ਇਨ੍ਹਾਂ ਸੇਵਾ ਕੇਂਦਰਾਂ ’ਤੇ ਤਿੰਨ-ਤਿੰਨ ਮੁਲਾਜ਼ਮ ਹਨ। ਵੀਆਈਪੀ ਹਲਕੇ ਦੇ 84 ਹਜ਼ਾਰ ਲੋਕਾਂ ’ਤੇ ਸਿਰਫ਼ ਇੱਕ ਸੇਵਾ ਕੇਂਦਰ ਹੈ। ਤਤਕਾਲੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਸਰਕਾਰ ਸਮੇਂ ਮੰਡੀ ਕਿੱਲਿਆਂਵਾਲੀ, ਮਿਠੜੀ ਬੁੱਧਗਿਰ, ਘੁਮਿਆਰਾ, ਹਾਕੂਵਾਲਾ, ਭੀਟੀਵਾਲਾ, ਰੋੜਾਂਵਾਲੀ, ਸਿੱਖਵਾਲਾ, ਅਰਨੀਵਾਲਾ ਵਜੀਰਾਂ, ਮਾਹੂਆਣਾ, ਲੰਬੀ, ਚੰਨੂ, ਬਾਦਲ, ਮਹਿਣਾ ਅਤੇ ਭਾਈਕੇਰਾ ਸਮੇਤ ਹੋਰਨਾਂ ਪਿੰਡਾਂ ’ਚ ਸੇਵਾ ਕੇਂਦਰ ਖੋਲ੍ਹੇ ਗਏ ਸਨ ਪਰ ਕਾਂਗਰਸ ਸਰਕਾਰ ਬਣਨ ’ਤੇ ਲੰਬੀ, ਬਾਦਲ ਅਤੇ ਭਾਈਕੇਰਾ (ਮਹਿਮੂਦਖੇੜਾ) ਨੂੰ ਛੱਡ ਕੇ ਸਾਰੇ ਸੇਵਾ ਕੇਂਦਰ ਬੰਦ ਕਰ ਦਿੱਤੇ ਗਏ। ਸਰਾਵਾਂ ਜ਼ੈਲ ਦੇ ਡੇਢ ਦਰਜਨ ਪਿੰਡਾਂ ਦੇ ਹਜ਼ਾਰਾਂ ਲੋਕ ਭਾਈਕੇਰਾ ਦੇ ਇਲਾਵਾ ਮਲੋਟ ਦੇ ਸੇਵਾ ਕੇਂਦਰਾਂ ’ਤੇ ਮੁਨਹੱਸਰ ਹਨ। ਪਹਿਲਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ 70 ਸੇਵਾ ਕੇਂਦਰ ਹੁੰਦੇ ਸਨ, ਹੁਣ ਸਿਰਫ਼ 15 ਸੇਵਾ ਕੇਂਦਰ ਹਨ, ਜਿਨ੍ਹਾਂ ਦੀ ਰੋਜ਼ਾਨਾ ਪ੍ਰਤੀ ਕੇਂਦਰ ਫਾਈਲ ਨਿਪਟਾਊ ਸਮਰੱਥਾ 70 ਤੋਂ 80 ਫਾਈਲਾਂ ਹੈ। ਤਿੰਨੇ ਸੇਵਾ ਕੇਂਦਰਾਂ ’ਤੇ ਕੁੱੱਲ 210 ਤੋਂ 240 ਫਾਈਲਾਂ ਰੋਜ਼ਾਨਾ ਦੇ ਮੁਤਾਬਕ ਅੰਦਾਜ਼ਨ ਢਾਈ ਲੱਖ ਵਿਅਕਤੀਆਂ ’ਤੇ ਸਿਰਫ਼ 0.10 ਫ਼ੀਸਦੀ ਵਿਅਕਤੀਆਂ ਨੂੰ ਹੀ ਸੇਵਾ ਕੇਂਦਰ ਦਾ ਲਾਭ ਮਿਲਦਾ ਹੈ। ਅਜਿਹੇ ਵਿੱਚ ਲੰਬੀ, ਬਾਦਲ ਅਤੇ ਭਾਈਕੇਰਾ ਦੇ ਸੇਵਾ ਕੇਂਦਰਾਂ ’ਤੇ ਸਵੇਰੇ ਅੱਠ ਵਜੇ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ, ਪਰ ਸੱਤਰ ਫਾਈਲਾਂ ਦੀ ਸਮਰੱਥਾ ਸੀਮਤ ਹੋਣ ਕਰਕੇ ਕੰਮ ਛੱਡ ਕੇ ਆਏ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ। ਆਮ ਜਨਤਾ ਦਾ ਕਹਿਣਾ ਹੈ ਕਿ ਸੇਵਾ ਕੇਂਦਰਾਂ ’ਤੇ ਫੀਸ ਮਹਿੰਗੀ ਹੋ ਰਹੀ ਹੈ, ਪਰ ਸੁਵਿਧਾ ਨਹੀਂ ਮਿਲ ਰਹੀ ਹੈ। ਮੰਡੀ ਕਿੱਲਿਆਂਵਾਲੀ ਵਿਖੇ ਸੇਵਾ ਕੇਂਦਰ ਵਾਲੀ ਇਮਾਰਤ ਨੂੰ ਸਿਹਤ ਵਿਭਾਗ ਵੱਲੋਂ ਤੰਦਰੁਸਤ ਪੰਜਾਬ (ਆਯੂਸ਼ਮਾਨ ਭਾਰਤ) ਸਿਹਤ ਕੇਂਦਰ ਖੋਲ੍ਹ ਰੱਖਿਆ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਦੇ ਡਿਪਟੀ ਕਮਿਸ਼ਨਰ ਅਰਾਵਿੰਦ ਕੁਮਾਰ ਦਾ ਕਹਿਣਾ ਸੀ ਕਿ ਸੇਵਾ ਕੇਂਦਰ ਦੀ ਗਿਣਤੀ ਵਧਾਉਣ ਬਾਰੇ ਸਰਕਾਰ ਨੂੰ ਲਿਖਿਆ ਜਾ ਰਿਹਾ ਹੈ।