ਪੱਤਰ ਪ੍ਰੇਰਕ
ਭਗਤਾ ਭਾਈ, 22 ਦਸੰਬਰ
ਕੁੱਝ ਨਿੱਜੀ ਚੈਨਲਾਂ ਅਤੇ ਸੋਸ਼ਲ ਮੀਡੀਆ ’ਤੇ ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਭਾਜਪਾ ਵਿਚ ਸ਼ਾਮਲ ਹੋਣ ਦੀਆਂ ਖਬਰਾਂ ਨੇ ਸੂਬੇ ਦੀ ਸਿਆਸਤ ‘ਚ ਸਿਆਸੀ ਭੂਚਾਲ ਖੜ੍ਹਾ ਕਰ ਦਿੱਤਾ ਸੀ। ਇਸ ਦੇ ਸਬੰਧ ਵਿਚ ਅੱਜ ਸ੍ਰੀ ਮਲੂਕਾ ਨੇ ਭਾਜਪਾ ‘ਚ ਸ਼ਾਮਲ ਹੋਣ ਦੀਆਂ ਖਬਰਾਂ ਦਾ ਜ਼ੋਰਦਾਰ ਖੰਡਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਜ਼ਿੰਦਗੀ ਦਾ ਲੰਮਾ ਸਮਾਂ ਵਫਾਦਾਰ ਸਿਪਾਹੀ ਵਜੋਂ ਲਗਾਇਆ ਹੈ, ਜਿਸ ਕਰਕੇ ਉਨ੍ਹਾਂ ਦਾ ਅਕਾਲੀ ਦਲ ਤੋਂ ਪਾਸੇ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।