ਪੱਤਰ ਪ੍ਰੇਰਕ
ਭੁੱਚੋ ਮੰਡੀ, 19 ਜੂਨ
ਨਗਰ ਕੌਂਸਲ ਵੱਲੋਂ ਸਵੱਛ ਭਾਰਤ ਅਭਿਆਨ ਤਹਿਤ ਗਿੱਲ ਅਤੇ ਸੁੱਕਾ ਕੂੜਾ ਅਲੱਗ ਕਰਨ ਵਾਲੀ ਮੰਗਵਾਈ ਗਈ ਮਸ਼ੀਨ ਦੇ ਉਦਘਾਟਨ ਤੋਂ ਇੱਕ ਦਿਨ ਪਹਿਲਾਂ ਹੀ ਚੋਰ ਉਸ ਦੀ ਮੋਟਰ ਅਤੇ ਸੌ ਮੀਟਰ ਤਾਰ ਚੋਰੀ ਕਰ ਕੇ ਲੈ ਗਏ। ਇਸ ਮਸ਼ੀਨ ਦਾ ਉਦਘਾਟਨ ਇੱਕ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਸੋਮਵਾਰ ਨੂੰ ਕੀਤਾ ਜਾਣਾ ਸੀ। ਇਸ ਨਾਲ ਮਸ਼ੀਨਰੀ ਚੱਲਣ ਤੋਂ ਪਹਿਲਾਂ ਹੀ ਨਕਾਰਾ ਹੋ ਗਈ। ਜਾਣਕਾਰੀ ਅਨੁਸਾਰ ਨਗਰ ਕੌਂਸਲ ਨੇ ਕੂੜੇ ਨੂੰ ਅਲੱਗ-ਅਲੱਗ ਕਰ ਕੇ ਖਾਦ ਤਿਆਰ ਕਰਨ ਲਈ ਕਈ ਪ੍ਰਕਾਰ ਦੀ ਮਸ਼ੀਨਰੀ ਮੰਗਵਾਈ ਹੋਈ ਹੈ। ਇਹ ਮਸ਼ੀਨਰੀ ਟਰੀਟਮੈਂਟ ਪਲਾਂਟ ਨਜ਼ਦੀਕ ਕੂੜੇ ਦੇ ਡੰਪ ਵਾਲੀ ਥਾਂ ’ਤੇ ਰੱਖੀ ਹੋਈ ਹੈ ਜਿੱਥੇ ਚਾਰ ਦਿਵਾਰੀ ਪੂਰੀ ਨਹੀਂ ਹੈ ਅਤੇ ਨਾ ਹੀ ਕੋਈ ਗੇਟ ਬਗੈਰਾ ਦਾ ਪ੍ਰਬੰਧ ਹੈ। ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਇਸ ਜਗ੍ਹਾ ਚਾਰ ਦਿਵਾਰੀ ਬਣਾ ਕੇ ਉਸ ਨੂੰ ਗੇਟ ਲਗਾਇਆ ਜਾਵੇ।
ਇਸ ਸਬੰਧੀ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਸਤੀਸ਼ ਚੰਦਰ ਨੇ ਕਿਹਾ ਕਿ ਚੋਰੀ ਦੀ ਇਸ ਘਟਨਾ ਬਾਰੇ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।