ਪੱਤਰ ਪ੍ਰੇਰਕ
ਗਿੱਦੜਬਾਹਾ, 2 ਮਾਰਚ
ਬੀਤੀ ਰਾਤ ਚੋਰਾਂ ਨੇ ਮੁੜ ਭਾਰੂ ਰੋਡ ਸਥਿਤ ਇਕ ਕਬਾੜ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਇਸ ਵਿਚੋਂ ਕਰੀਬ 50 ਹਜ਼ਾਰ ਰੁਪਏ ਦਾ ਤਾਂਬਾ ਅਤੇ ਪਿੱਤਲ ਸਕਰੈਪ ਚੋਰੀ ਕਰ ਲਿਆ। ਇਸ ਸਬੰਧੀ ਵਿੱਕੀ ਕੁਮਾਰ ਨੇ ਦੱਸਿਆ ਕਿ ਉਹ ਬੀਤੀ ਦੇਰ ਸ਼ਾਮ ਦੁਕਾਨ ਨੂੰ ਬੰਦ ਕਰਕੇ ਚਲੇ ਗਏ। ਅੱਜ ਸਵੇਰੇ ਉਨ੍ਹਾਂ ਦੇ ਗੁਆਂਢੀ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦਾ ਤਾਲੇ ਟੁੱਟੇ ਹੋਏ ਹਨ। ਜਦੋਂ ਉਨ੍ਹਾਂ ਦੁਕਾਨ ਦੇ ਅੰਦਰ ਜਾ ਕੇ ਦੇਖਿਆ ਤਾਂ ਦੁਕਾਨ ਵਿਚੋਂ ਤਾਂਬੇ ਅਤੇ ਪਿੱਤਲ ਦੇ ਸਕਰੈਪ ਦੇ ਕਰੀਬ 3 ਗੱਟੇ ਗਾਇਬ ਸਨ। ਉਨ੍ਹਾਂ ਦੱਸਿਆ ਕਿ ਚੋਰੀ ਦੀ ਇਸ ਘਟਨਾ ਵਿਚ ਕਰੀਬ 50 ਤੋਂ 60 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਚੋਰੀ ਦੀ ਸੂਚਨਾ ਥਾਣਾ ਗਿੱਦੜਬਾਹਾ ਪੁਲੀਸ ਨੂੰ ਦਿੱਤੀ ਗਈ ਹੈ।
ਪੈਸੇ ਖੋਹ ਕੇ ਭੱਜਦੇ ਝਪਟਮਾਰਾਂ ਦੀ ਲੋਕਾਂ ਨੇ ਭੁਗਤ ਸਵਾਰੀ
ਭੁੱਚੋ ਮੰਡੀ (ਪੱਤਰ ਪ੍ਰੇਰਕ): ਇੱਥੋਂ ਦੀ ਅਨਾਜ ਮੰਡੀ ਵਿੱਚ ਇੱਕ ਬਜ਼ੁਰਗ ਤੋਂ ਪੈਸਿਆਂ ਵਾਲਾ ਝੋਲਾ ਖੋਹ ਕੇ ਭੱਜਣ ਵਾਲੇ ਦੋ ਝੱਪਟਮਾਰਾਂ ਨੂੰ ਲੋਕਾਂ ਨੇ ਫੜ ਕੇ ਉਨ੍ਹਾਂ ਦੀ ਚੰਗੀ ਭੁਗਤ ਸਵਾਰੀ ਅਤੇ ਪੁਲੀਸ ਹਵਾਲੇ ਕਰ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਗਿੱਲ ਖੁਰਦ ਦਾ ਗੁਰਬਚਨ ਸਿੰਘ ਸਟੇਟ ਬੈਂਕ ਆਫ਼ ਇੰਡੀਆ ਵਿੱਚੋਂ ਪੈਨਸ਼ਨ ਦੇ 20 ਹਜ਼ਾਰ ਰੁਪਏ ਕਢਵਾ ਕੇ ਜਾ ਰਿਹਾ ਸੀ। ਅਨਾਜ ਮੰਡੀ ਵਿੱਚ ਦੋ ਮੋਟਰਸਾਈਕਲ ਝਪਟਮਾਰ ਬਜ਼ੁਰਗ ਤੋਂ ਝੋਲਾ ਖੋਹ ਕੇ ਜਦੋਂ ਫਰਾਰ ਹੋਣ ਲੱਗੇ, ਤਾਂ ਰੌਲਾ ਪਾਉਣ ’ਤੇ ਸ਼ਹਿਰ ਵਾਸੀਆਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਛਿੱਤਰ ਪਰੇਡ ਕੀਤੀ। ਭੁੱਚੋ ਪੁਲੀਸ ਵੱਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।