ਮਹਿੰਦਰ ਸਿੰਘ ਰੱਤੀਆਂ
ਮੋਗਾ, 13 ਅਕਤੂਬਰ
ਇਥੇ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਫ਼ਿਰੋਜ਼ਪੁਰ ਦੇ ਵਸਨੀਕ ਨੌਜਵਾਨ ਨੂੰ ਬੇਹੋਸ਼ ਕਰ ਕੇ ਉਸਦਾ ਗੁਪਤ ਅੰਗ ਵੱਢ ਕੇ ਉਸ ਨੂੰ ਕਿੰਨਰ ਬਣਾ ਦਿੱਤਾ। ਪੀੜਤ ਨੌਜਵਾਨ ਜਗਰਾਤਿਆਂ ਆਦਿ ਵਿੱਚ ਆਪਣੀ ਰੋਜ਼ੀ-ਰੋਟੀ ਲਈ ਝਾਕੀਆਂ ਕੱਢਣ ਦਾ ਕੰਮ ਕਰਦਾ ਸੀ। ਥਾਣਾ ਸਿਟੀ ਦੱਖਣੀ ਮੁਖੀ ਇੰਸਪੈਕਟਰ ਲਛਮਣ ਸਿੰਘ ਢਿੱਲੋਂ ਨੇ ਕਿਹਾ ਕਿ ਪੀੜਤ ਨੌਜਵਾਨ ਅਰਪਣ ਦੇ ਬਿਆਨ ਉੱਤੇ ਕੋਮਲ ਮਹੰਤ, ਸ਼ੰਭੂ ਤੇ ਇੱਕ ਹੋਰ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੀੜਤ ਨੇ ਦੱਸਿਆ ਕਿ ਉਹ ਜਗਰਾਤਿਆਂ ਆਦਿ ਆਪਣੀ ਰੋਜ਼ੀ ਰੋਟੀ ਲਈ ਝਾਕੀਆਂ ਕੱਢਣ ਦਾ ਕੰਮ ਕਰਦਾ ਹੈ। ਮੋਗਾ ਵਿੱਚ ਵੀ ਉਹ ਕਈ ਵਾਰ ਝਾਕੀਆਂ ਕੱਢ ਕੇ ਗਿਆ ਸੀ। ਉਸ ਨੇ ਕਿਹਾ ਕਿ ਉਸ ਦੀ ਕਲਾ ਕਾਰਨ ਕੁਝ ਕਿੰਨਰ ਉਸ ਨੂੰ ਨਾਲ ਰਲਣ ਲਈ ਦਬਾਅ ਬਣਾ ਰਹੇ ਸਨ। ਉਸ ਨੂੰ ਪ੍ਰੋਗਰਾਮ ਬਹਾਨੇ ਮੰਗਲਵਾਰ ਦੀ ਸ਼ਾਮ ਸੱਦਿਆ ਗਿਆ ਸੀ। ਉਹ ਕਰੀਬ ਸ਼ਾਮ 4 ਵਜੇ ਮੋਗਾ ਬੱਸ ਅੱਡੇ ਉੱਤੇ ਪੁੱਜਾ ਤਾਂ ਬਾਅਦ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਕਿਸੇ ਅਣਪਛਾਤੀ ਜਗ੍ਹਾ ਲਿਜਾ ਕੇ ਉਸਦਾ ਗੁਪਤ ਅੰਗ ਕੱਟ ਦਿੱਤਾ ਗਿਆ। ਉਹ ਅੱਜ ਦਰਦ ਨਾਲ ਕੁਰਲਾ ਰਿਹਾ ਸੀ ਤਾਂ ਕੁਝ ਲੋਕਾਂ ਦੀ ਮੱਦਦ ਨਾਲ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਨੌਜਵਾਨ ਨੇ ਸਥਾਨਕ ਕਿਨਰ ਮੁਖੀ ਉੱਤੇ ਦੋਸ਼ ਲਾਇਆ ਕਿ ਉਹ ਉਸ ਨੂੰ ਆਪਣੇ ਨਾਲ ਰਲਾਉਣਾ ਚਾਹੁੰਦੇ ਸਨ। ਡਾਕਟਰਾਂ ਨੇ ਪੀੜਤ ਦੀ ਹਾਲਤ ਦੇਖਦੇ ਹੋਏ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫ਼ਰੀਦਕੋਟ ਰੈਫ਼ਰ ਕਰ ਦਿਤਾ ਹੈ। ਸਿਟੀ ਪੁਲੀਸ ਨੇ ਕਥਿਤ ਮੁਲਜ਼ਮਾਂ ਤੋਂ ਵੀ ਪੁੱਛਗਿੱਛ ਕੀਤੀ ਤਾਂ ਕਿੰਨਰ ਮੁਖੀ ਨੇ ਕਿਹਾ ਕਿ ਉਨ੍ਹਾਂ ਨੂੰ ਬਦਨਾਮ ਕਰਨ ਲਈ ਝੂਠੇ ਇਲਜ਼ਾਮ ਲਾਏ ਗਏ ਹਨ।