ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 23 ਅਪਰੈਲ
ਬੀਤੇ ਕਈ ਦਿਨਾਂ ਤੋਂ ਮੰਡੀਆਂ ’ਚ ਬਾਰਦਾਨੇ ਦੀ ਘਾਟ ਕਰਕੇ ਰੁਲ ਰਹੀ ਕਣਕ ਤੋਂ ਪ੍ਰੇਸ਼ਾਨ ਕਿਸਾਨਾਂ ਵੱਲੋਂ ਕੀਤੀ ਹਾਲ-ਦਹਾਈ ਅਤੇ ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਦੀ ਕੀਤੀ ਨੁਕਤਾਚੀਨੀ ਤੋਂ ਬਾਅਦ ਹੁਣ ਸਰਕਾਰ ਨੇ ਆੜ੍ਹਤੀਆਂ ਨੂੰ ਪੁਰਾਣਾ ਬਾਰਦਾਨਾ ਖ਼ਰੀਦ ਕੇ ਉਨ੍ਹਾਂ ਵਿੱਚ ਕਣਕ ਭਰਨ ਦੇ ਹੁਕਮ ਦਿੱਤੇ ਹਨ। ਸਰਕਾਰ ਦੇ ਇਸ ਕਦਮ ਨਾਲ ਬਾਰਦਾਨੇ ਦੀ ਸਮੱਸਿਆ ਕੁਝ ਹੱਦ ਤੱਕ ਘੱਟ ਹੋਈ ਹੈ ਪਰ ਕੁਝ ਆੜ੍ਹਤੀਆਂ ਨੂੰ ਖਦਸ਼ਾ ਹੈ ਕਿ ਉਨ੍ਹਾਂ ਵੱਲੋਂ ਖ਼ਰੀਦੇ ਬਾਰਦਾਨੇ ਨੂੰ ਬਾਅਦ ਵਿੱਚ ਖਰੀਦ ਏਜੰਸੀ ਰੱਦ ਨਾ ਕਰ ਦੇਵੇ। ਇਸ ਤਰ੍ਹਾਂ ਉਨ੍ਹਾਂ ਦਾ ਲੱਖਾਂ ਰੁਪਈਆਂ ਮਿੱਟੀ ਹੋ ਜਾਵੇਗਾ। ਐੱਸਡੀਐੱਮ ਸਵਰਨਜੀਤ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਭੇਜਿਆ ਬਾਰਦਾਨਾ ਆਉਣ ਵਿੱਚ ਕੁਝ ਸਮਾਂ ਲੱਗੇਗਾ। ਇਸ ਲਈ ਹਾਲ ਦੀ ਘੜੀ ਸਰਕਾਰ ਨੇ ਆੜ੍ਹਤੀਆਂ ਨੂੰ 41 ਰੁਪਏ 90 ਪੈਸੇ ਸਮੇਤ ਜੀਐੱਸਟੀ ਪੁਰਾਣੀ ਬੋਰੀ ਖ਼ਰੀਦ ਕੇ ਕਣਕ ਭਰਵਾਉਣ ਦੀ ਆਗਿਆ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਏਜੰਸੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਆੜ੍ਹਤੀਆਂ ਨੂੰ ਬੋਰੀਆਂ ਦੀ ਕੀਮਤ ਦੀ ਅਦਾਇਗੀ ਵੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਸ਼ਰਤਾਂ ਅਨੁਸਾਰ ਹੀ ਬੋਰੀਆਂ ਖਰੀਦੀਆਂ ਜਾਣ ਅਤੇ ਸਟਾਕ ਨਾ ਕੀਤਾ ਜਾਵੇ।
ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਬੱਬੂ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਯੂਨੀਅਨ ਪੱਧਰ ’ਤੇ 50 ਹਜ਼ਾਰ ਗੱਟਾ ਖ਼ਰੀਦ ਕੇ ਲੋੜ ਅਨੁਸਾਰ ਵੰਡਿਆ ਹੈ। ਕੁਝ ਆੜ੍ਹਤੀਆਂ ਨੇ ਨਿੱਜੀ ਤੌਰ ’ਤੇ ਵੀ ਪੁਰਾਣੀਆਂ ਬੋਰੀਆਂ ਮੰਗਵਾਈਆਂ ਹਨ।
ਠੇਕੇਦਾਰ ਨੂੰ ਲਿਫਟਿੰਗ ਦੀ ਹਦਾਇਤ
ਮੁਕਤਸਰ ਖੇਤਰ ਦੀਆਂ ਮੰਡੀਆਂ ਵਿੱਚ ਅਨਾਜ ਮੰਡੀ ਵਧੀਕ ਡਿਪਟੀ ਕਮਿਸ਼ਨਰ ਨੇ ਆੜ੍ਹਤੀਆਂ ਤੇ ਠੇਕੇਦਾਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਲਿਫਟਿੰਗ ਕਰਨ ਲਈ ਹਦਾਇਤ ਕੀਤੀ ਹੈ। ਮੁਕਤਸਰ ਦੇ ਠੇਕੇਦਾਰ ਨੂੰ ਸਖ਼ਤ ਤਾਕੀਦ ਕਰਦਿਆਂ ਉਨ੍ਹਾਂ ਕਿਹਾ ਕਿ ਲੇਬਰ ਦਾ ਪ੍ਰਬੰਧ ਕਰਕੇ ਲਿਫਟਿੰਗ ਸਮੇਂ ਸਿਰ ਕਰਾਈ ਜਾਵੇ ਨਹੀਂ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।