ਪੱਤਰ ਪ੍ਰੇਰਕ
ਲੰਬੀ, 30 ਜਨਵਰੀ
ਬੀਤੀ 11 ਜਨਵਰੀ ਨੂੰ ਕੰਗ ਟਰਾਂਸਪੋਰਟ ਮੰਡੀ ਕਿੱਲਿਆਂਵਾਲੀ ਦੇ ਮੁਨਸ਼ੀ ਰਮੇਸ਼ ਕੁਮਾਰ ’ਤੇ ਹੋਏ ਹਮਲੇ ’ਚ ਦਰਜ ਮੁਕੱਦਮੇ ਦੇ ਤਾਰ ਗੈਂਗਸਟਰਾਂ ਤੱਕ ਜਾ ਜੁੜੇ ਹਨ। ਮੁੱਦਈ ਧਿਰ ਨੇ ਲੰਬੀ ਥਾਣੇ ’ਚ ਦਰਜ ਧਾਰਾ 307 ਅਤੇ ਹੋਰ ਧਾਰਾਵਾਂ ਵਾਲੇ ਮੁਕੱਦਮੇ ਨੂੰ ਵਾਪਸ ਕਰਵਾਉਣ ਲਈ ਗੈਂਗਸਟਰਾਂ ਤੋਂ ਵਿਦੇਸ਼ੀ ਨੰਬਰ ਵਾਲੀਆਂ ਵੱਟਸਐਪ ਕਾਲਾਂ ਰਾਹੀਂ ਕਥਿਤ ਧਮਕੀਆਂ ਦਿਵਾਉਣ ਦੇ ਦੋਸ਼ ਲਾਏ ਹਨ। ਮਾਮਲੇ ਦੀ ਪੜਤਾਲ ਐਸ.ਪੀ.(ਡੀ) ਕੋਲ ਚੱਲ ਰਹੀ ਹੈ। 11 ਜਨਵਰੀ ਨੂੰ ਜ਼ਖ਼ਮੀ ਹੋਏ ਰਮੇਸ਼ ਕੁਮਾਰ ਦੇ ਭਰਾ ਟੋਨੀ ਸੱਚਦੇਵਾ ਅਤੇ ਕੰਗ ਟਰਾਂਸਪੋਰਟ ਦੇ ਮਾਲਕ ਨਛੱਤਰ ਸਿੰਘ ਕੰਗ ਨੇ ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਨੂੰ ਭੇਜੀਆਂ ਦਰਖਾਸਤਾਂ ਵੱਟਸਐਪ ਕਾਲਾਂ ਅਤੇ ਗੈਂਗਸਟਰ ਦਾ ਜ਼ਿਕਰ ਕੀਤਾ ਹੈ। ਐੱਸਪੀ (ਡੀ.) ਮੋਹਨ ਲਾਲ ਨੇ ਕਿਹਾ ਕਿ ਧਮਕੀਆਂ ਬਾਰੇ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ। ਜੇਕਰ ਅਜਿਹਾ ਹੈ ਤਾਂ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।