ਪੱਤਰ ਪ੍ਰੇਰਕ
ਮਾਨਸਾ, 21 ਫਰਵਰੀ
ਮਾਨਸਾ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਦੇ 34 ਉਮੀਦਵਾਰਾਂ ਨੂੰ ਪਈਆਂ ਵੋਟਾਂ ਵਾਲੀਆਂ ਮਸ਼ੀਨਾਂ ਨੂੰ ਮਾਨਸਾ ਜ਼ਿਲ੍ਹੇ ਦੇ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ’ਚ ਰੱਖਿਆ ਗਿਆ ਹੈ ਤੇ ਇਨ੍ਹਾਂ ਮਸ਼ੀਨਾਂ ਉਪਰ ਚੱਤੋ-ਪਹਿਰ ਨੀਮ ਫੌਜੀ ਦਲਾਂ ਦੀ ਪਹਿਰੇਦਾਰੀ ਕਾਇਮ ਹੈ। ਇਸ ਪਹਿਰੇਦਾਰੀ ਨੂੰ ਅੱਜ ਜ਼ਿਲ੍ਹਾ ਚੋਣ ਅਫਸਰ ਤੇ ਸੀਨੀਅਰ ਕਪਤਾਲ ਪੁਲੀਸ ਵੱਲੋਂ ਚੈਕ ਕੀਤਾ ਗਿਆ। ਵੋਟਿੰਗ ਮਸ਼ੀਨਾਂ ਦੀ ਰਾਖੀ ਲਈ ਲਾਏ ਸਰਕਾਰੀ ਰਾਖਿਆਂ ਦੀ ਅੱਜ ਅਧਿਕਾਰੀਆਂਨੇ ਚੈਕਿੰਗ ਕੀਤੀ। ਚੈਕਿੰਗ ਦੌਰਾਨ ਸੀ.ਆਰ.ਪੀ.ਐਫ ਦੇ ਜਵਾਨ ਪੂਰੀ ਨਿਗਰਾਨੀ ਹੇਠ ਡਿਊਟੀ ਦੇ ਰਹੇ ਸਨ। ਚੈਕਿੰਗ ਅਧਿਕਾਰੀਆਂ ਨੇ ਸਟਰਾਂਗ ਰੂਮ ਦੇ ਬਾਹਰ ਚੱਤੋ ਪਹਿਰ ਤਾਇਨਾਤ ਕੀਤੇ ਜਵਾਨਾਂ ਦੇ ਹਾਜ਼ਰੀ ਰਜਿਸਟਰ ਦਾ ਵੀ ਮੁਆਇਨਾ ਕੀਤਾ। ਇਹ ਮਸ਼ੀਨਾਂ 10 ਮਾਰਚ ਤੱਕ ਸੀ.ਆਰ.ਪੀ.ਐਫ, ਆਈ.ਆਰ.ਬੀ ਤੇ ਪੰਜਾਬ ਪੁਲੀਸ ਦੇ ਸਖ਼ਤ ਪਹਿਰੇ ਹੇਠ ਸਟਰਾਂਗ ਰੂਮਾਂ ’ਚ ਬੰਦ ਰਹਿਣਗੀਆਂ।
ਜ਼ਿਲ੍ਹਾ ਚੋਣ ਅਫ਼ਸਰ ਮਹਿੰਦਰ ਪਾਲ ਨੇ ਕਿਹਾ ਹੈ ਕਿ ਸਰਕਾਰੀ ਪਹਿਰੇ ਹੇਠ ਬੰਦ ਪਈਆਂ ਮਸ਼ੀਨਾਂ ਦੀ ਕੀਤੀ ਜਾ ਰਹੀ ਨਿਗਰਾਨੀ ਨੂੰ ਉਹ, ਜਦੋਂ ਚਾਹੁਣ ਚੈਕ ਕਰ ਸਕਦੇ ਹਨ। ਜ਼ਿਲ੍ਹਾ ਚੋਣ ਅਫ਼ਸਰ, ਜੋ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੀ ਹਨ, ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਲਈ 20 ਫਰਵਰੀ ਨੂੰ ਵੋਟਾਂ ਪੈ ਜਾਣ ਬਾਅਦ ਈ.ਵੀ.ਐਮ. ਵੋਟਿੰਗ ਮਸ਼ੀਨਾਂ ਮਾਨਸਾ ਦੇ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਵਿਖੇ ਬਣਾਏ ਗਏ ਸਟਰਾਂਗ ਰੂਮ ਪੂਰੀ ਸੁਰੱਖਿਆ ਨਾਲ ਬੰਦ ਹਨ।
ਵੋਟਾਂ ਪੁਆ ਕੇ ਮੁੜ ਰਹੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
ਫ਼ਰੀਦਕੋਟ (ਜਸਵੰਤ ਜੱਸ) ਫ਼ਰੀਦਕੋਟ ਵਿਧਾਨ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਲਈ ਵੋਟਾਂ ਪੁਆ ਕੇ ਦੇਰ ਸ਼ਾਮ ਵਾਪਸ ਮੁੜ ਰਹੇ ਨੌਜਵਾਨ ਅਨਮੋਲ ਸਿੰਘ (17) ਵਾਸੀ ਪਿੰਡ ਕਿਲ੍ਹਾ ਨੌਂ ਦੀ ਫੌਜੀ ਛਾਉਣੀ ਕੋਲ ਸੜਕ ਹਾਦਸੇ ’ਚ ਮੌਤ ਹੋ ਗਈ ਜਿਸ ਦਾ ਸ਼ਾਮ ਨੂੰ ਪਿੰਡ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸੇ ਤਰ੍ਹਾਂ ਵੋਟਾਂ ਪਾਉਣ ਤੋਂ ਬਾਅਦ ਅੱਜ ਵਾਪਸ ਮੱਧ ਪ੍ਰਦੇਸ਼ ਜਾ ਰਹੇ ਅੰਗਰੇਜ਼ ਸਿੰਘ ਤੇ ਹਜ਼ੂਰਾ ਸਿੰਘ ਦਾ ਮੋਟਰਸਾਈਕਲ ਹਾਦਸਾਗ੍ਰਸਤ ਹੋ ਗਿਆ ਜਿਸ ਕਾਰਨ ਇਨ੍ਹਾਂ ਦੋਵਾਂ ਦੇ ਗੰਭੀਰ ਸੱਟਾਂ ਵੱਜੀਆਂ। ਬੇਅੰਤ ਕੌਰ ਸੇਖੋਂ ਨੇ ਦੱਸਿਆ ਕਿ ਅੰਗਰੇਜ਼ ਸਿੰਘ ਤੇ ਹਜ਼ੂਰਾ ਸਿੰਘ ਪਿੰਡ ਸੰਗਰਾਹੂਰ ਦੇ ਵਸਨੀਕ ਹਨ ਤੇ ਮੱਧ ਪ੍ਰਦੇਸ਼ ਤੋਂ ਵੋਟਾਂ ਪਾਉਣ ਲਈ ਇੱਥੇ ਆਏ ਸਨ ਤੇ ਅੱਜ ਸਵੇਰੇ ਜਦੋਂ ਉਹ ਮੋਟਰਸਾਈਕਲ ਰਾਹੀਂ ਫਰੀਦਕੋਟ ਦੇ ਰੇਲਵੇ ਸਟੇਸ਼ਨ ’ਤੇ ਜਾ ਰਹੇ ਸਨ ਤਾਂ ਸੜਕ ਹਾਦਸਾ ਵਾਪਰ ਗਿਆ। ਇਨ੍ਹਾਂ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦਾਖਲ ਕਰਵਾਇਆ। ਇਸੇ ਤਰ੍ਹਾਂ ਫ਼ਰੀਦਕੋਟ-ਕੋਟਕਪੂਰਾ ਰੋਡ ’ਤੇ ਵੋਟਾਂ ਪੁਆ ਕੇ ਵਾਪਸ ਮੁੜ ਰਹੇ ਅਮਲੇ ਦੀ ਕਾਰ ਹਾਦਸਾਗ੍ਰਸਤ ਹੋ ਗਈ ਪਰ ਹਾਦਸੇ ’ਚ ਕੋਈ ਵਿਅਕਤੀ ਜ਼ਖ਼ਮੀ ਨਹੀਂ ਹੋਇਆ।