ਪੱਤਰ ਪ੍ਰੇਰਕ
ਬੋਹਾ, 9 ਸਤੰਬਰ
ਇਥੇ 22 ਅਗਸਤ ਵਾਲੇ ਦਿਨ ਬੋਹਾ ਦੇ ਬਿਜਲੀ ਗਰਿੱਡ ਵਿੱਚ ਕੰਮ ਕਰਦਾ ਮੁਲਾਜਮ ਗੁਰਬਿਆਸ ਸਿੰਘ ਵਾਸੀ ਆਲਮਪੁਰ ਮੰਦਰਾਂ ਗਿਆਰਾ ਹਜ਼ਾਰ ਵੋਲਟੇਜ ਦਾ ਕਰੰਟ ਲੱਗਣ ਮਗਰੋਂ ਵੀ ਕੁਦਰਤੀ ਕ੍ਰਿਸ਼ਮੇ ਕਾਰਨ ਬਚ ਕੇ ਕੁਝ ਦਿਨਾਂ ’ਚ ਪਰਿਵਾਰ ’ਚ ਆ ਗਿਆ। ਮੌਕੇ ’ਤੇ ਹਾਜਰ ਜੇਈ ਗੁਰਜੰਟ ਸਿੰਘ ਨੇ ਦੱਸਿਆ ਗਰਿੱਡ ’ਚ ਬਿਜਲੀ ਮੁਲਾਜਮ ਗੁਰਬਿਆਸ ਸਿੰਘ ਮੇਨ ਜੀਓ ਸਵਿੱਚ ’ਤੇ ਕੰਮ ਕਰ ਰਿਹਾ ਸੀ ਕਿ ਅਚਾਨਕ ਕਿਤੋਂ ਸਪਲਾਈ ਵਾਪਸ ਆ ਗਈ ਤੇ ਉਹ ਗਿਆਰਾਂ ਹਜ਼ਾਰ ਵੋਲਟੇਜ ਦੀ ਲਪੇਟ ’ਚ ਆ ਕੇ ਬੁਰੀ ਤਰ੍ਹਾਂ ਸੜ ਗਿਆ। ਮੌਕੇ ’ਤੇ ਹਾਜ਼ਰ ਮੁਲਜ਼ਮਾਂ ਨੇ ਜਲਦੀ ਗਰਿੱਡ ਦੇ ਸਾਰੇ ਉਪਕਰਨ ਬੰਦ ਕਰਕੇ ਉਸ ਨੂੰ ਥੱਲੇ ਲਾਹਿਆ ਤੇ ਦਸ ਮਿੰਟਾਂ ’ਚ ਐਂਬੂਲੈਂਸ ਪਹੁੰਚੀ। ਉਸਨੂੰ ਮਾਨਸਾ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਜੁਆਬ ਦੇ ਦਿੱਤਾ ਤੇ ਤੁਰੰਤ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ। ਜੇਈ ਗੁਰਜੰਟ ਸਿੰਘ ਨੇ ਦੱਸਿਆ ਕਿ ਹਾਦਸਾ ਬਹੁਤ ਭਿਆਨਕ ਸੀ ਪਰ ਡਾਕਟਰੀ ਇਲਾਜ ਤੇ ਰੱਬੀ ਬਖਸ਼ਿਸ਼ ਸਦਕਾ ਉਹ ਗਿਆਰਾਂ ਹਜ਼ਾਰ ਵੋਲਟੇਜ ਤੋਂ ਬਚ ਕੇ ਅੱਜ ਮਾਪਿਆਂ ਦਾ ਪੁੱਤਰ ਘਰ ਪਹੁੰਚ ਗਿਆ।