ਚੰਦਰ ਕਾਲੜਾ
ਜਲਾਲਾਬਾਦ, 6 ਸਤੰਬਰ
ਨਗਰ ਕੌਂਸਲ ਵਿੱਚ ਬਤੌਰ ਸਫਾਈ ਸੇਵਕ ਕੰਮ ਕਰਦੇ ਪੱਕੇ ਮੁਲਾਜ਼ਮ ਬੀਤੇ ਦੋ ਮਹੀਨਿਆਂ ਤੋਂ ਪੰਜਾਬ ਸਰਕਾਰ ਵੱਲੋਂ ਤਨਖਾਹਾਂ ਜਾਰੀ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਚਲੇ ਗਏ। ਮੁਲਜ਼ਮ ਸ਼ੁੱਕਰਵਾਰ ਤੋਂ ਹੜਤਾਲ ’ਤੇ ਸਨ। ਮੁਲਾਜ਼ਮਾਂ ਵੱਲੋਂ ਅੱਜ ਨਗਰ ਕੌਂਸਲ ਦਫ਼ਤਰ ਅੱਗੇ ਗੇਟ ਰੈਲੀ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਹੜਤਾਲੀ ਸਫਾਈ ਸੇਵਕਾਂ ਨੇ ਨਗਰ ਕੌਂਸਲ ਦੇ ਮੁੱਖ ਗੇਟ ਅੱਗੇ ਗੰਦਗੀ ਨਾਲ ਭਰੀਆਂ ਟਰਾਲੀਆਂ ਖੜੀਆਂ ਕਰਕੇ ਆਪਣਾ ਰੋਸ ਜਤਾਇਆ।
ਉੱਧਰ ਲਗਾਤਾਰ ਪੰਜ ਦਿਨਾਂ ਤੋਂ ਹੜਤਾਲ ਚੱਲਣ ਕਾਰਨ ਸ਼ਹਿਰ ਦੀ ਸਫਾਈ ਵਿਵਸਥਾ ਪ੍ਰਭਾਵਿਤ ਹੋਣ ਲੱਗੀ ਹੈ। ਸ਼ਹਿਰ ਵਿੱਚ ਥਾਂ- ਥਾਂ ਗੰਦਗੀ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਇਸ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧਰਨੇ ’ਤੇ ਬੈਠੇ ਸਫਾਈ ਸੇਵਕਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਅਜੇ ਖੈਰਾਲੀਆ, ਜ਼ਿਲ੍ਹਾ ਪ੍ਰਧਾਨ ਪ੍ਰੇਮ ਸਾਰਵਾਨ, ਸਫਾਈ ਰਾਮਪਾਲ, ਸੋਮਾ ਰਾਣੀ, ਪੂਜਾ ਰਾਣੀ, ਪਿੰਕੀ, ਕਾਂਤਾ ਰਾਣੀ, ਵਿੱਕੀ, ਕਿਸ਼ੋਰ ਚੰਦ, ਸੁਖਦੇਵ ਸਿੰਘ, ਸ਼ਿਵਾ, ਸੁਰਜੀਤ ਆਦਿ ਨੇ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਦੋ ਮਹੀਨਿਆਂ ਤੋਂ ਤਨਖਾਹ ਨਹੀ ਦਿੱਤੀ ਗਈ, ਜਿਸ ਕਾਰਨ ਘਰ ਚਲਾਉਣਾ ਔਖਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਨੇ ਜਿਥੇ ਲੋਕਾਂ ਦਾ ਕਚੂੰਮਰ ਕੱਢ ਦਿੱਤਾ ਹੈ ਉਥੇ ਸਰਕਾਰ ਵੱਲੋਂ ਤਨਖਾਹਾ ਜਾਰੀ ਨਾ ਕਰਨਾ ਬਹੁਤ ਹੀ ਮੰਦਭਾਗਾ ਹੈ।
ਉਨ੍ਹਾਂ ਦੱਸਿਆ ਕਿ ਅੱਜ ਕੀਤੇ ਰੋਸ ਵਿਖਾਵੇ ਤੋਂ ਬਾਅਦ ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਨੇ ਉਨ੍ਹਾਂ ਨੂੰ ਇਕ ਮਹੀਨੇ ਦੀ ਤਨਖਾਹ ਦੇਣ ਦੀ ਪੇਸ਼ਕਸ਼ ਕੀਤੀ ਹੈ, ਜਿਸ ਨੂੰ ਯੂਨੀਅਨ ਨੇ ਨਾਮਨਜ਼ੂਰ ਕਰ ਦਿੱਤਾ ਹੈ। ਅਜੇ ਖੈਰਾਲੀਆ ਨੇ ਦੱਸਿਆ ਕਿ ਸਫਾਈ ਸੇਵਕ ਨਿਗੁੂਣੀ ਤਨਖਾਹ ’ਤੇ ਕੰਮ ਕਰ ਰਹੇ ਹਨ। ਤਨਖਾਹ ਨਾ ਮਿਲਣ ਕਾਰਨ ਉਨ੍ਹਾਂ ਨੂੰ ਬੈਂਕ ਤੋਂ ਲਏ ਕਰਜ਼ੇ ਦੀ ਕਿਸ਼ਤ ਭਰਨੀ ਔਖੀ ਹੋ ਗਈ ਹੈ।
ਹੜਤਾਲੀ ਕਾਮਿਆਂ ਨੇ ਚੇਤਾਵਨੀ ਦਿੱਤੀ ਕਿ ਜਿੰਨੀ ਦੇਰ ਤਕ ਸਰਕਾਰ ਵੱਲੋਂ ਉਨ੍ਹਾਂ ਨੂੰ ਤਨਖਾਹਾਂ ਜਾਰੀ ਨਹੀਂ ਕੀਤੀਆਂ ਜਾਂਦੀਆਂ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ।