ਪੱਤਰ ਪ੍ਰੇਰਕ
ਮਾਨਸਾ, 7 ਅਗਸਤ
ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਸੂਬਾ ਪੱਧਰੀ ਕਨਵੈਨਸ਼ਨ ਬੱਚਤ ਭਵਨ ਮਾਨਸਾ ਵਿਖੇ ਕੀਤੀ ਗਈ। ਸਟੇਟ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਸਿੰਗਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ 37 ਕੱਟੇ ਭੱਤਿਆਂ ਨੂੰ ਬਹਾਲ ਕਰਨਾ ਅਤੇ ਡੀਏ ਦੀਆਂ ਕਿਸ਼ਤਾਂ ਜਾਰੀ ਕਰਨੀਆਂ ਇਸ ਵੇਲੇ ਦਾ ਸਭ ਤੋਂ ਜ਼ਰੂਰੀ ਕਾਰਜ ਹੈ, ਜਿਨ੍ਹਾਂ ਲਈ ਸਰਕਾਰ ਖਿਲਾਫ਼ ਸੰਘਰਸ਼ ਕੀਤਾ ਜਾ ਰਿਹਾ ਹੈ।
ਉਨ੍ਹਾਂ ਜਥੇਬੰਦੀ ਦੇ ਕੰਮਾਂ ਬਾਰੇ ਚਾਨਣਾ ਪਾਉਂਦਿਆਂ ਸਮੇਂ ਅਨੁਸਾਰ ਸੁਚੇਤ ਰਹਿਣ ਦੀ ਗੱਲ ਕੀਤੀ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਹਾਕਮਵਾਲਾ ਨੇ ਕਿਹਾ ਕਿ ਇਹ ਸਮਾਂ ਪ੍ਰਾਇਮਰੀ ਸਿੱਖਿਆ ਨੂੰ ਬਚਾਉਣ ਦਾ ਸਮਾਂ ਹੈ, ਜਿਸ ਲਈ ਸਾਰੀਆਂ ਧਿਰਾਂ ਨੂੰ ਇਕਜੁੱਟ ਹੋ ਕੇ ਪੰਜਾਬ ਦੀ ਵਿਦਿਆ ਪ੍ਰਣਾਲੀ ਨੂੰ ਕਾਇਮ ਰੱਖਣ ਲਈ ਉਪਰਾਲਾ ਕਰਨਾ ਚਾਹੀਦਾ ਹੈ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂ ਭਗਵੰਤ ਭਟੇਜਾ, ਰਾਕੇਸ਼ ਕੁਮਾਰ ਗੋਇਲ, ਜਸਵੀਰ ਸਿੰਘ ਹੁਸ਼ਿਆਰਪੁਰ ਨੇ 4-9-14 ਏਸੀਪੀ ਕੇਸ ਦੁਬਾਰਾ ਸ਼ੁਰੂ ਕਰਨ ਦੀ ਮੰਗ ਰੱਖੀ। ਉਨ੍ਹਾਂ ਕਿਹਾ ਕਿ ਤਨਖਾਹ ਕਮਿਸ਼ਨ ਦੇ ਬਕਾਏ ਜਾਰੀ ਕੀਤੇ ਜਾਣ ਅਤੇ ਹੈਡ ਦੀ ਪੋਸਟ ਨੂੰ ਪ੍ਰਬੰਧਕੀ ਪੋਸਟ ਬਣਾਇਆ ਜਾਵੇ। ਉਨ੍ਹਾਂ ਕਿਹਾ ਪਾਰਟ ਟਾਈਮ ਸਵੀਪਰ ਭਰਤੀ ਕਰਨ, ਸਕੂਲਾਂ ਲਈ ਮੁੱਢਲੀਆਂ ਸਹੂਲਤਾਂ ਜਾਰੀ ਕਰਨ ਦੀ ਮੰਗ ਰੱਖੀ। ਇਸ ਮੌਕੇ ਰਗਵਿੰਦਰ ਸਿੰਘ ਧੂਲਕਾ, ਬਲਜੀਤ ਸਿੰਘ ਗੁਰਦਾਸਪੁਰ, ਦਿਨੇਸ਼ ਰਿਸ਼ੀ, ਰਾਕੇਸ਼ ਕੁਮਾਰ, ਬਲਵੀਰ ਦਲੇਲਵਾਲਾ, ਹਰਫੂਲ ਬੋਹਾ, ਗੁਰਜੰਟ ਬੋਹਾ, ਭਾਰਤ ਭੂਸ਼ਨ, ਭਗਤ ਰਾਮ ਗੁਰਨੇ, ਹਰਭਜਨ ਸਿੰਘ, ਸੁਖਵਿੰਦਰ ਔਲਖ, ਰਾਮਨਾਥ ਧੀਰਾ, ਸੁਖਜੀਤ ਮਾਨਸਾ, ਬਲਜਿੰਦਰ ਸਿੰਘ ਕਣਕਵਾਲ ਚਹਿਲਾਂ, ਜਗਤਾਰ ਔਲਖ, ਮੱਖਣ ਗੁਰਨੇ ਖੁਰਦ ਨੇ ਵੀ ਸੰਬੋਧਨ ਕੀਤਾ।