ਹਰਦੀਪ ਸਿੰਘ ਜਟਾਣਾ
ਮਾਨਸਾ, 13 ਜੁਲਾਈ
ਪਿਛਲੇ ਦਸ ਕੁ ਦਿਨਾਂ ’ਚ ਤਿੰਨ ਗੁਣਾਂ ਵਧੇ ਸਬਜ਼ੀਆਂ ਦੇ ਭਾਅ ਨੇ ਆਮ ਲੋਕਾਂ ਦੇ ਗਰਮ ਰੁੱਤ ਦੀਆਂ ਸਬਜ਼ੀਆਂ ਖਾਣ ਦੇ ਸੁਫਨੇ ਚਕਨਾਚੂਰ ਕਰ ਦਿੱਤੇ ਹਨ। ਲੋਕਾਂ ਦੀ ਪਹੁੰਚ ਤੋਂ ਦੂਰ ਹੋਈਆਂ ਸਬਜ਼ੀਆਂ ਖਰੀਦਣ ਦੀ ਥਾਂ ਲੋਕਾਂ ਨੇ ਦਾਲ ਤੇ ਚਟਣੀ ਨਾਲ ਗੁਜ਼ਾਰਾ ਕਰਨਾ ਸ਼ੁਰੂ ਕੀਤਾ ਹੋਇਆ ਹੈ। ਕਰੋਨਾ ਮਹਾਮਾਰੀ ਦੌਰਾਨ ਡਾਕਟਰ ਸਲਾਹ ਦੇ ਰਹੇ ਹਨ ਕਿ ਸਰੀਰਕ ਤੰਦਰੁਸਤੀ ਲਈ ਹਰੀਆਂ ਸਬਜ਼ੀਆਂ ਦਾ ਸੇਵਨ ਕੀਤਾ ਜਾਵੇ ਪਰ ਪਹਿਲਾਂ ਤੋਂ ਹੀ ਲੌਕਡਾਊਨ ਕਾਰਨ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਸਬਜ਼ੀਆਂ ਦੇ ਵਧੇ ਭਾਅ ਨੇ ਦੂਹਰੀ ਮਾਰ ਮਾਰ ਦਿੱਤੀ ਹੈ। ਪਿਛਲੇ ਹਫ਼ਤੇ ਜਿਹੜਾ ਕੱਦੂ ਪੰਜ ਰੁਪਏ ਪ੍ਰਤੀ ਕਿੱਲੋ ਵਿਕਦਾ ਸੀ ਹੁਣ ਪੰਜਾਹ ਰੁਪਏ ਵੀ ਨਹੀਂ ਮਿਲ ਰਿਹਾ। ਤੋਰੀ ਦੀ ਕੀਮਤ ਪੰਜਾਹ ਤੋਂ ਸੱਠ ਰੁਪਏ ਹੋ ਗਈ ਹੈ। ਚੌਲਾ ਫਲੀ ਤੇ ਭਿੰਡੀ ਚਾਲੀ ਤੋਂ ਪੰਜਾਹ ਰੁਪਏ ਵਿਕਦੀ ਹੈ। ਗੁਆਰਾ ਫਲੀ ਤੇ ਹਰੇ ਮਟਰ ਅੱਸੀ ਰੁਪਏ ਤੋਂ ਸੌ ਰੁਪੈ ਪ੍ਰਤੀ ਕਿੱਲੋ ਵਿਕਦੇ ਹਨ। ਤੜਕੇ ਦਾ ਸਵਾਦ ਵਧਾਉਣ ਲਈ ਵਰਤਿਆ ਜਾਂਦਾ ਟਮਾਟਰ ਚਾਲੀ ਤੋਂ ਪੰਜਾਹ ਰੁਪਏ ਵਿਕ ਰਿਹਾ ਹੈ। ਆਲੂ ਤੀਹ ਅਤੇ ਪਿਆਜ ਵੀਹ ਰੁਪਏ ਹੋ ਗਿਆ ਹੈ। ਖਪਤਕਾਰਾਂ ਦੱਸਿਆ ਕਿ ਦੋ ਡੰਗ ਰੋਟੀ ਖਾਣਾ ਮਜਬੂਰੀ ਹੈ ਪਰ ਜੇਬ ਵਿਹਲੀ ਕਰ ਮਹਿੰਗੇ ਭਾਅ ਖ਼ਰੀਦੀਆਂ ਸਬਜ਼ੀਆਂ ਖਾਣ ਦਾ ਭੋਰਾ ਵੀ ਸਵਾਦ ਨਹੀਂ ਆਉਂਦਾ। ਸਬਜ਼ੀ ਉਤਪਾਦਕਾਂ ਦੱਸਿਆ ਕਿ ਝੋਨੇ ਦੀ ਲਵਾਈ ਕਾਰਨ ਕੋਈ ਵੀ ਖੇਤ ਵਿਹਲਾ ਨਹੀਂ ਰਿਹਾ ਜਿਸ ਕਰਕੇ ਸਥਾਨਕ ਪੱਧਰ ਦੀਆਂ ਸਬਜ਼ੀਆਂ ਦੀ ਵੱਡੀ ਘਾਟ ਪੈ ਗਈ ਹੈ। ਹੁਣ ਬਹੁਤੀ ਸਬਜ਼ੀ ਗੁਆਂਢੀ ਰਾਜਾਂ ਤੋਂ ਹੀ ਆ ਰਹੀ ਹੈ। ਕਿਸਾਨਾਂ ਦੱਸਿਆ ਕਿ ਬਰਸਾਤਾਂ ਪੈਣ ਨਾਲ ਵੇਲ ਵਾਲੀਆਂ ਸਬਜ਼ੀਆਂ ਦਾ ਉਤਪਾਦਨ ਕਾਫੀ ਘਟ ਗਿਆ ਹੈ। ਸਬਜ਼ੀ ਵਿਕਰੇਤਾ ਸੋਹਨ ਲਾਲ ਨੇ ਦੱਸਿਆ ਕਿ ਭਾਅ ਵਧਣ ਕਰਕੇ ਸਾਡੀ ਵਿੱਕਰੀ ਤੇ ਮੁਨਾਫ਼ਾ ਵੀ ਅੱਧਾ ਰਹਿ ਗਿਆ ਹੈ।