ਪੱਤਰ ਪ੍ਰੇਰਕ
ਤਲਵੰਡੀ ਸਾਬੋ, 22 ਅਗਸਤ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਤਲਵੰਡੀ ਸਾਬੋ ਦੇ ਬ੍ਰਹਮਕੁਮਾਰੀ ਆਸ਼ਰਮ ਪੁੱਜੇ ਅਤੇ ਉੱਥੇ ਧਾਰਮਿਕ ਵਿੱਦਿਆ ਲੈ ਰਹੇ ਸ਼ਹਿਰ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਬ੍ਰਹਮ ਕੁਮਾਰੀਜ਼ ਭੈਣ ਆਸ਼ਾ ਨੇ ਸਾਬਕਾ ਵਿਧਾਇਕ ਸਿੱਧੂ ਨੂੰ ਰੱਖੜੀ ਵੀ ਬੰਨ੍ਹੀ। ਬ੍ਰਹਮ ਕੁਮਾਰੀ ਭੈਣ ਆਸ਼ਾ ਨੇ ਉਨ੍ਹਾਂ ਨੂੰ ਸੰਸਥਾ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਸਾਬਕਾ ਵਿਧਾਇਕ ਨੇ ਹਲਕਾ ਤਲਵੰਡੀ ਸਾਬੋ ਦੇ ਦੋਵਾਂ ਸ਼ਹਿਰਾਂ ਰਾਮਾਂ ਮੰਡੀ ਅਤੇ ਤਲਵੰਡੀ ਸਾਬੋ ਵਿੱਚ ਬ੍ਰਹਮ ਕੁਮਾਰੀਜ਼ ਆਸ਼ਰਮ ਵੱਲੋਂ ਕੀਤੇ ਜਾ ਰਹੇ ਧਾਰਮਿਕ ਕਾਰਜਾਂ ਦੀ ਸ਼ਲਾਘਾ ਕੀਤੀ।
ਪੱਖੋ ਕੈਂਚੀਆਂ (ਪੱਤਰ ਪ੍ਰੇਰਕ): ਪਿੰਡ ਮੌੜ ਨਾਭਾ ਵਿਖੇ ਐਤਵਾਰ ਨੂੰ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਦਰਸਾਉਂਦਾ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਹਰ ਸਾਲ ਦੀ ਤਰ੍ਹਾਂ ਭੈਣਾਂ ਵੱਲੋਂ ਆਪਣੇ ਭਰਾ ਦੇ ਗੁੱਟ ਉੱਤੇ ਰੱਖੜੀ ਬੰਨ੍ਹ ਕੇ ਭਰਾ ਦੀ ਲੰਮੀ ਉਮਰ ਲਈ ਪ੍ਰਾਰਥਨਾ ਕੀਤੀ।
ਸ਼ਹਿਣਾ (ਪੱਤਰ ਪ੍ਰੇਰਕ): ਇੱਥੇ ਰੱਖੜੀ ਮੌਕੇ ਭੈਣਾਂ ਨੇ ਤਿਲਕ ਲਗਾ ਕੇ ਆਪਣੇ ਭਰਾਵਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਨੂੰ ਰੱਖੜੀਆਂ ਬੰਨ੍ਹੀਆਂ। ਇਸੇ ਦੌਰਾਨ ਮੀਂਹ ਕਾਰਨ ਹਲਵਾਈਆਂ ਅਤੇ ਰੱਖੜੀ ਦੀਆਂ ਦੁਕਾਨਾਂ ਤੇ ਰੌਣਕ ਕੁੱਝ ਘੱਟ ਰਹੀ। ਪੰਜਾਬ ਮਾਡਲ ਸਕੂਲ ਦੇ ਚੇਅਰਮੈਨ ਪਵਨ ਕੁਮਾਰ ਧੀਰ ਦੀ ਅਗਵਾਈ ’ਚ ਰੱਖੜੀ ਦਾ ਤਿਉਹਾਰ ਮਨਾਇਆ ਗਿਆ।
ਕਾਲਾਂਵਾਲੀ (ਪੱਤਰ ਪ੍ਰੇਰਕ): ਇੱਥੋਂ ਦੀ ਐੱਸਐੱਸ ਜੈਨ ਸਭਾ ਵਿੱਚ ਮਹਾ ਸਾਧਵੀ ਸੁਚੇਤਾ ਮਹਾਰਾਜ, ਸਾਧਵੀ ਰਤਨ ਵੇਦ ਮਹਾਰਾਜ, ਸਾਧਵੀ ਸਤਨ ਸੁਵ੍ਰਧੀ ਮਹਾਰਾਜ ਠਾਣੇ-3 ਦੀ ਦੇਖਰੇਖ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਰੱਖੜੀ ਬਣਾਓ ਮੁਕਾਬਲਾ ਵੀ ਕਰਵਾਇਆ ਗਿਆ,ੇ।
ਮੌੜ ਮੰਡੀ (ਪੱਤਰ ਪ੍ਰੇਰਕ): ਮੌੜ ਮੰਡੀ ਦੇ ਗਿਆਨ ਸਾਗਰ ਸਕੂਲ ਵਿਖੇ ਹਲਕਾ ਵਾਸੀਆਂ ਵੱਲੋਂ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਪਹੁੰਚੇ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਰੁਪਿੰਦਰ ਕੌਰ ਸਰਕਲ ਪ੍ਰਧਾਨ ਸਿਮਰਜੀਤ ਕੌਰ ਮਾਨ, ਸੰਦੀਪ ਕੌਰ ਰਾਣੂ ਨੇ ਰੱਖੜੀ ਬੰਨ੍ਹੀ।