ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 8 ਜੂਨ
ਲਾਗਲੇ ਪਿੰਡ ਜੱਸੇਆਣਾ ਦੇ ਰਹਿਣ ਵਾਲੇ ਸੰਦੀਪ ਕੁਮਾਰ (25) ਦੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਜ਼ਿਲ੍ਹਾ ਪੁਲੀਸ ਮੁਖੀ ਡੀ ਸੁਡਰਵਿਲੀ ਨੇ ਖੁਲਾਸਾ ਕੀਤਾ ਕਿ ਮ੍ਰਿਤਕ ਦੀ ਭੈਣ ਤੇ ਉਸ ਦੇ ਦੋ ਸਾਥੀਆਂ ਨੇ ਹੀ ਇਹ ਕਤਲ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਸੰਦੀਪ ਸਿੰਘ ਦੀ ਭੈਣ ਸੁਮਨਦੀਪ ਕੌਰ ਦਾ ਅਪਾਣੇ ਪਤੀ ਨਾਲ ਤਕਰਾਰ ਹੋਣ ਕਰਕੇ ਦੋ ਸਾਲਾਂ ਤੋਂ ਆਪਣੇ ਪੇਕੇ ਘਰ ਪਿੰਡ ਜੱਸੇਆਣਾ ਰਹਿ ਰਹੀ ਸੀ। ਸੁਮਨਦੀਪ ਕੌਰ ਦੇ ਕਥਿਤ ਤੌਰ ’ਤੇ ਅੰਕੁਸ਼ ਕੁਮਾਰ ਵਾਸੀ ਗੋਨੇਆਣਾ ਰੋਡ ਸ੍ਰੀ ਮੁਕਤਸਰ ਸਾਹਿਬ ਅਤੇ ਗਗਨਦੀਪ ਗਗਨਾ ਵਾਸੀ ਜੱਸੇਆਣਾ ਨਾਲ ਨਾਜਾਇਜ਼ ਸਬੰਧ ਸਨ। ਮ੍ਰਿਤਕ ਸੰਦੀਪ ਸਿੰਘ ਉਸ ਨੂੰ ਵਰਜਦਾ ਸੀ। ਘਟਨਾ ਵਾਲੇ ਦਿਨ ਇਹ ਤਿੰਨੇ ਜਣੇ ਸੰਦੀਪ ਸਿੰਘ ਨੂੰ ਵਰਗਲਾ ਕੇ ਪਿੰਡ ਲਾਗਿਓਂ ਲੰਘਦੀ ਮਾਈਨਰ ਕੋਲ ਲੈ ਗਏ ਅਤੇ ਗਲਾ ਵੱਢ ਕੇ ਉਸ ਦੀ ਹੱਤਿਆ ਕਰ ਦਿੱਤੀ। ਮਾਮਲਾ ਉਲਝਾਉਣ ਲਈ ਲਾਸ਼ ਕੋਲ ਨਸ਼ੇ ਵਾਲਾ ਟੀਕਾ ਸੁੱਟ ਦਿੱਤਾ।
ਪੁਲੀਸ ਕਪਤਾਨ ਰਾਜਪਾਲ ਸਿੰਘ ਹੁੰਦਲ ਨੇ ਤਕਨੀਕੀ ਵਿੰਗ ਦੀ ਸਹਾਇਤਾ ਨਾਲ ਮਹਿਜ਼ 10 ਘੰਟਿਆਂ ’ਚ ਹੀ ਇਹ ਮਾਮਲਾ ਹੱਲ ਕਰਕੇ ਗਗਨਦੀਪ ਗਗਨਾ ਨੂੰ ਕਾਬੂ ਕਰ ਲਿਆ ਹੈ ਜਦੋਂ ਕਿ ਦੂਜੇ ਮੁਲਜ਼ਮ ਦੀ ਭਾਲ ਜਾਰੀ ਹੈ।