ਪੱਤਰ ਪ੍ਰੇਰਕ
ਮਾਨਸਾ, 17 ਜੂਨ
ਮਾਨਸਾ ਜ਼ਿਲ੍ਹੇ ਦੇ ਥਾਣਾ ਜੋਗਾ ਦੀ ਪੁਲੀਸ ਵੱਲੋਂ ਪਿੰਡ ਰੱਲਾ ਦੇ ਕਿਸਾਨ ਰੂਪ ਸਿੰਘ ਅਤੇ ਬਲਵੀਰ ਸਿੰਘ ਖਿਲਾਫ਼ ਪਾਏ ਗਏ ਨਾਜਾਇਜ਼ ਪਰਚੇ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਮਾਨਸਾ ਦੀਆਂ ਜ਼ਿਲ੍ਹਾ ਕਚਹਿਰੀਆਂ ਵਿੱਚ ਦਿਨ-ਰਾਤ ਦੇ ਧਰਨੇ ਦੌਰਾਨ ਪੁਲੀਸ ਪ੍ਰਸ਼ਾਸਨ ਖਿਲਾਫ਼ ਲਗਾਤਾਰ ਪੰਜਵੇਂ ਦਿਨ ਨਾਅਰੇਬਾਜ਼ੀ ਕੀਤੀ। ਜਥੇਬੰਦੀ ਵੱਲੋਂ ਇਨਸਾਫ਼ ਨਾ ਮਿਲਣ ਦੇ ਵਿਰੋਧ ਵਜੋਂ ਅੱਜ ਐੱਸਐੱਸਪੀ ਮਾਨਸਾ ਦੇ ਦਫ਼ਤਰ ਦਾ ਘਿਰਾਓ ਕਰਨਾ ਸੀ, ਪਰ ਡੀਐੱਸਪੀ ਮਾਨਸਾ ਗੋਬਿੰਦਰ ਸਿੰਘ ਵੱਲੋਂ ਨਿਆਂ ਦਾ ਭਰੋਸਾ ਦਿਵਾਉਣ ਤੋਂ ਬਾਅਦ ਐੱਸਐੱਸਪੀ ਦਫ਼ਤਰ ਦਾ ਘਿਰਾਓ ਮੁਲਤਵੀ ਕਰ ਦਿੱਤਾ ਗਿਆ ਅਤੇ ਧਰਨੇ ਦੌਰਾਨ ਮੰਚ ਤੋਂ ਕਿਸਾਨ ਆਗੂਆਂ ਵੱਲੋਂ ਐਲਾਨ ਕੀਤਾ ਗਿਆ ਜੇਕਰ ਦੋ ਹਫ਼ਤਿਆਂ ਤੱਕ ਪੁਲੀਸ ਵੱਲੋਂ ਕੀਤਾ ਗਿਆ ਵਾਅਦਾ ਪੂਰਾ ਨਾ ਹੋਇਆ ਤਾਂ ਮੁੜ ਸੰਘਰਸ਼ ਵਿੱਢਿਆ ਜਾਵੇਗਾ।
ਕਿਸਾਨ ਆਗੂ ਮਹਿੰਦਰ ਸਿੰਘ ਭੈਣੀਬਾਘਾ ਨੇ ਮੰਗ ਕੀਤੀ ਕਿ ਸੀਨੀਅਰ ਪੁਲੀਸ ਅਧਿਕਾਰੀ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਕੇ ਅਜੇ ਵੀ ਦਸਤਾਵੇਜ਼ਾਂ ਮੁਤਾਬਕ ਪਰਚੇ ਨੂੰ ਰੱਦ ਕਰਨ ਦਾ ਉਪਰਾਲਾ ਕਰਨ।