ਨਿੱਜੀ ਪੱਤਰ ਪ੍ਰੇਰਕ
ਫਿਰੋਜ਼ਪੁਰ, 30 ਜੁਲਾਈ
ਮਧਰੇ ਪਿੰਡ ਵਿੱਚ ਸਥਿਤ ਪਨਗ੍ਰੇਨ ਦੇ ਗੁਦਾਮ ਵਿੱਚ ਵੱਡੀ ਪੱਧਰ ’ਤੇ ਸਰਕਾਰੀ ਕਣਕ ਦੀ ਘਾਟ ਪਾਈ ਗਈ ਹੈ। ਇਹ ਕਣਕ ਗਰੀਬਾਂ ਨੂੰ ਵੰਡਣ ਵਾਸਤੇ ਇੱਥੇ ਰੱਖੀ ਗਈ ਸੀ। ਬੀਤੇ ਦਿਨ ਇਸ ਗੁਦਾਮ ਦੇ ਇੱਕ ਸੁਰੱਖਿਆ ਗਾਰਡ ਵੱਲੋਂ ਹੀ ਕਣਕ ਦੀ ਘਾਟ ਹੋਣ ਦਾ ਖੁਲਾਸਾ ਕੀਤਾ ਗਿਆ। ਇਸ ਸਬੰਧੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਦੱਸਿਆ ਜਾਂਦਾ ਹੈ ਕਿ ਗੁਦਾਮ ਦੇ ਕੁਝ ਇੰਸਪੈਕਟਰਾਂ ਤੇ ਪਨਗ੍ਰੇਨ ਦੇ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇੱਥੋਂ ਕਰੋੜਾਂ ਰੁਪਏ ਮੁੱਲ ਦੀ ਕਣਕ ਨੂੰ ਖੁਰਦ ਬੁਰਦ ਕਰ ਦਿੱਤਾ ਹੈ। ਮਹਿਕਮੇ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਪਰ ਅਜੇ ਤੱਕ ਇਸ ਸਬੰਧੀ ਰਿਪੋਰਟ ਜਨਤਕ ਨਹੀਂ ਕੀਤੀ ਗਈ ਹੈ। ਦੂਜੇ ਪਾਸੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਦੋਸ਼ੀਆਂ ਖ਼ਿਲਾਫ਼ ਢੁੱਕਵੀਂ ਕਾਰਵਾਈ ਕਰਨ ਦੀ ਮੰਗ ਕਰਦਿਆਂ ਸੁਰੱਖਿਆ ਗਾਰਡਾਂ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਕਿਸਾਨ ਜਥੇਬੰਦੀ ਦੇ ਆਗੂ ਅਵਤਾਰ ਮਹਿਮਾ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਉਹ ਸੁਰੱਖਿਆ ਗਾਰਡ ਯੂਨੀਅਨ ਦੇ ਸੱਦੇ ’ਤੇ ਇੱਥੇ ਪਹੁੰਚੇ ਤਾਂ ਗੁਦਾਮ ਵਿੱਚ ਮੌਜੂਦ ਸਾਰੇ ਅਧਿਕਾਰੀ ਉੱਥੋਂ ਭੱਜ ਗਏ। ਚੈਕਿੰਗ ਟੀਮ ਦੇ ਅਧਿਕਾਰੀਆਂ ਨੇ ਵੀ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਜਥੇਬੰਦੀ ਦੇ ਆਗੂਆਂ ਨੇ ਗੁਦਾਮ ਦਾ ਗੇਟ ਬੰਦ ਕਰ ਕੇ ਧਰਨਾ ਲਾ ਦਿੱਤਾ। ਉਪਰੰਤ ਹੋਰ ਅਧਿਕਾਰੀ ਆਏ ਅਤੇ ਗੁਦਾਮ ਦੀ ਚੈਕਿੰਗ ਦੌਰਾਨ ਵੱਡੇ ਘੁਟਾਲੇ ਦਾ ਪਰਦਾਫ਼ਾਸ਼ ਹੋਇਆ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦੇ ਆਗੂਆਂ ਵੱਲੋਂ ਇਸ ਮਾਮਲੇ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਵੀ ਕਰ ਦਿੱਤੀ ਗਈ ਹੈ।
ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਰੀਬਾਂ ਵਾਸਤੇ ਭੇਜੀ ਗਈ ਇਸ ਕਣਕ ਨੂੰ ਖੁਰਦ ਬੁਰਦ ਕਰਨ ਵਾਲੇ ਅਫ਼ਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਨਾਲ ਹੀ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਜਥੇਬੰਦੀ ਤਿੱਖਾ ਸੰਘਰਸ਼ ਸ਼ੁਰੂ ਕਰੇਗੀ, ਜਿਸ ਦੀ ਜ਼ਿੰਮੇਵਾਰੀ ਮਹਿਕਮੇ ਦੀ ਹੋਵੇਗੀ।
ਕੀ ਕਹਿੰਦੇ ਨੇ ਅਧਿਕਾਰੀ
ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਗੁਰਪ੍ਰੀਤ ਸਿੰਘ ਕੰਗ ਨੇ ਇਸ ਸਬੰਧੀ ਕਿਹਾ ਕਿ ਮਧਰੇ ਪਿੰਡ ਵਾਲੇ ਗੁਦਾਮ ਵਿੱਚ ਪਈ ਦੋ ਰੁਪਏ ਕਿੱਲੋ ਵਾਲੀ ਕਣਕ ਦੀ ਜਾਂਚ ਦੌਰਾਨ 30 ਕਿੱਲੋ ਭਰਤੀ ਵਾਲੇ ਕਰੀਬ 6500 ਬੈਗ ਘੱਟ ਪਾਏ ਗਏ ਹਨ। ਇਸ ਸਬੰਧੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਹੁਣ ਇਸ ਮਾਮਲੇ ਦੀ ਜਾਂਚ ਸਥਾਨਕ ਵਿਜੀਲੈਂਸ ਵਿਭਾਗ ਵੱਲੋਂ ਵੀ ਕੀਤੀ ਜਾ ਰਹੀ ਹੈ।