ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 7 ਅਕਤੂਬਰ
ਆਮ ਆਦਮੀ ਲਈ ਘਰ ਬਣਾਉਣ ਦੇ ਸੁਪਨੇ ਨੂੰ ਰੇਤਾ ਹੀ ਕਿਰਕਿਰਾ ਕਰ ਦਿੰਦਾ ਹੈ। ਪਿਛਲੀਆਂ ਦੋ ਵਜ਼ਾਰਤਾਂ ਤੋਂ ਰੇਤ ਮਾਫੀਆ ਪੰਜਾਬ ਦੇ ਲੋਕਾਂ ਦਾ ਲਹੂ ਪੀ ਰਿਹਾ ਹੈ। ਪੰਜਾਬ ਸਰਕਾਰ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੇਤ ਮਾਈਨਿੰਗ ਵਿੱਚ ਠੇਕਾ ਪ੍ਰਣਾਲੀ ਖ਼ਤਮ ਕਰਕੇ ਜ਼ਮੀਨ ਦੇ ਮਾਲਕਾਂ ਨੂੰ ਮੁਫਤ ਖਣਨ ਦੀ ਖੁੱਲ੍ਹ ਦਿੰਦਿਆਂ ਹੁਕਮ ਦਿੱਤਾ ਹੈ ਕਿ ਕੋਈ ਵੀ ਜ਼ਮੀਨ ਮਾਲਕ ਆਪਣੀ ਜ਼ਮੀਨ ਵਿੱਚੋਂ ਰੇਤੇ ਦੀ ਖਣਨ ਕਰ ਸਕਦਾ ਹੈ ਅਤੇ ਸਸਤੀਆਂ ਦਰਾਂ ਉਤੇ ਰੇਤ ਵੇਚ ਸਕਦਾ ਹੈ। ਪਰ ਸਰਕਾਰ ਦੇ ਇਨ੍ਹਾਂ ਹੁਕਮਾਂ ਦਾ ਆਮ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਇਆ। ਨਿੱਜੀ ਖੱਡਾਂ ਅਤੇ ਸੇਮ ਨਾਲਿਆਂ ’ਚੋਂ ਕੱਢਿਆ ਜਾਂਦਾ ਘਟੀਆ ਪੱਧਰ ਦਾ ਰੇਤਾ ਵੀ ਰੇਤ ਮਾਫੀਆ ਵੱਲੋਂ ਅਸਲੀ ਦੇ ਭਾਅ ਵੇਚਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਜਲਾਲਾਬਾਦ ਦੀ ਡਰੇਨ ਤੰਬੂਵਾਲਾ, ਤਾਰੇਵਾਲਾ ਪੁੱਲ, ਕਾਠਗੜ੍ਹ, ਪਾਲੀਵਾਲ ਅਤੇ ਗੁਰੂ ਹਰ ਸਹਾਏ ਦੇ ਪਿੰਡ ਸ਼ਾਂਗਾ, ਬੂਲਾ ਰਾਏ, ਰੱਤੇਵਾਲਾ ਡਰੇਨ, ਰੱਤੇਵਾਲਾ ਸੋਹਣਗੜ੍ਹ ਅਤੇ ਮੁਕਤਸਰ ਦੀ ਵੰਗਲ ਡਰੇਨ, ਲੰਡੇ ਰੋਡੇ, ਲੁਬਾਣਿਆਂਵਾਲੀ, ਰਣਜੀਤਗੜ੍ਹ ਡਰੇਨ ਵਿੱਚੋਂ ਕੱਢਿਆ ਜਾਂਦਾ ਰੇਤਾ ਮਾੜੀ ਕੁਆਲਿਟੀ ਦਾ ਹੁੰਦਾ ਹੈ ਪਰ ਰੇਤ ਮਾਫੀਆ ਇਹ ਰੇਤਾ ਵੀ ਅਸਲੀ ਰੇਤੇ ਦੇ ਭਾਅ ਵੇਚਦਾ ਹੈ। ਇਸ ਰੇਤੇ ਨੂੰ ਗੱਟਾ ਬਾਦਸ਼ਾਹ ਦੇ ਨਾਂ ’ਤੇ ਵੇਚਿਆ ਜਾਂਦਾ ਹੈ। ਸੂਤਰਾਂ ਅਨੁਸਾਰ 18 ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਪ੍ਰਵਾਨਿਤ ਖੱਡ ਦਾ 600 ਫੁੱਟ ਰੇਤੇ ਦੀ ਠੇਕੇਦਾਰਾਂ ਵੱਲੋਂ 14 ਹਜ਼ਾਰ ਰੁਪਏ ਦੇ ਕਰੀਬ ਪਰਚੀ ਕੱਟੀ ਜਾਂਦੀ ਹੈ। ਦੂਜੇ ਪਾਸੇ ਨਿੱਜੀ ਖੱਡਾਂ ਤੇ ਨਾਜਾਇਜ਼ ਮਾਇਨਿੰਗ ਵਾਲੇ ਘਟੀਆ ਕੁਆਲਟੀ ਦਾ 600 ਫੁੱਟ ਰੇਤਾ 5 ਹਜ਼ਾਰ ਰੁਪਏ ਵਿੱਚ ਵੇਚਦੇ ਹਨ। ਪਰ ਰੇਤ ਮਾਫੀਆ ਵੱਲੋਂ ਖਰੀਦਦਾਰਾਂ ਨੂੰ ਦੋਵੇਂ ਤਰ੍ਹਾਂ ਦਾ ਰੇਤਾ 25 ਤੋਂ 26 ਹਜ਼ਾਰ ਰੁਪਏ ਦੇ ਹਿਸਾਬ ਵੇਚ ਰਹੇ ਹਨ। ਇਸ ਤਰ੍ਹਾਂ ਰੇਤ ਮਾਫੀਆ ਸ਼ਰੇਆਮ ਲੋਕਾਂ ਦੀ ਲੁੱਟ ਕਰ ਰਹੇ ਹਨ, ਜਿਸ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲੋਕਾਂ ਨੂੰ ਸਸਤੇ ਭਾਅ ਰੇਤਾ ਦੇਣ ਦੇ ਐਲਾਨ ਮਿੱਟੀ ਹੋ ਜਾਂਦੇ ਹਨ। ਰੇਤੇ ਦੇ ਕਾਰੋਬਾਰ ਨਾਲ ਜੁੜੇ ਰਾਜਿੰਦਰ ਸਿੰਘ ਬਿੰਦਾ ਅਤੇ ਕ੍ਰਿਸ਼ਨ ਸਿੰਘ ਕੋਟਲੀ ਨੇ ਦੱਸਿਆ ਕਿ ਰੇਤਾ ਵਪਾਰੀ ਲੋਕਾਂ ਦੀ ਲੁੱਟ ਕਰ ਰਹੇ ਹਨ। ਉਨ੍ਹਾਂ ਪੁਲੀਸ ਅਤੇ ਸਰਕਾਰ ਪਾਸੋਂ ਇਹ ਲੁੱਟ ਬੰਦ ਕਰਾਉਣ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਰੇਤ ਮਾਫੀਆ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਉਹ ਸੰਘਰਸ਼ ਦਾ ਰਾਹ ਅਪਣਾਉਣਗੇ। ਇਸ ਦੌਰਾਨ ਪੁਲੀਸ ਅਧਿਕਾਰੀਆਂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਮੁਕਤਸਰ ਪੁਲੀਸ ਵੱਲੋਂ ਨਾਜਾਇਜ਼ ਖਣਨ ਵਾਲੇ ਰੇਤੇ ਦੀ ਢੋਆ-ਢੁਆਈ ਕਰਨ ਦੇ ਦੋਸ਼ ਵਿੱਚ ਕਾਰਵਾਈ ਕਰਦਿਆਂ ਕਈ ਕੇਸ ਦਰਜ ਕੀਤਾ ਗਏ ਹਨ।
ਨਾਜਾਇਜ਼ ਮਾਈਨਿੰਗ: ਰੇਤ ਦੇ ਭਰੇ ਪੰਜ ਟਰੈਕਟਰ ਟਰਾਲੇ ਜ਼ਬਤ
ਮੋਗਾ (ਮਹਿੰਦਰ ਸਿੰਘ ਰੱਤੀਆਂ): ਮੋਗਾ ਪੁਲੀਸ ਨੇ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਰੇਤ ਦੇ ਭਰੇ 5 ਟਰੈਕਟਰ ਟਰਾਲੇ ਜ਼ਬਤ ਕਰਕੇ ਚਾਲਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਧਰੂਮਨ ਐੱਚ ਨਿੰਬਾਲੇ ਤੇ ਮਾਈਨਿੰਗ ਨੋਡਲ ਅਫ਼ਸਰ ਐੱਸਪੀ ਜਗਤਪ੍ਰੀਤ ਸਿੰਘ ਨੇ ਦੱਸਿਆ ਕਿ ਕਾਰਵਾਈ ਕਰਨ ਲਈ ਵੱਖ-ਵੱਖ ਟੀਮਾਂ ਭੇਜੀਆਂ ਗਈਆਂ ਸਨ। ਇਸ ਦੌਰਾਨ ਗੁਰਪ੍ਰੀਤ ਸਿੰਘ ਕੋਠੇ ਲਾਲ ਸਿੰਘ ਚੈਨਾ ਰੋਡ, ਲਵਪ੍ਰੀਤ ਸਿੰਘ ਵਾਸੀ ਬਰਗਾੜੀ, ਅਰਸਦੀਪ ਸਿੰਘ ਵਾਸੀ ਬਾਜਾਖਾਨਾ, ਗੁਰਪ੍ਰੀਤ ਸਿੰਘ ਪਿੰਡ ਮਾਹਲਾ ਕਲਾਂ, ਗੁਰਚਰਨ ਸਿੰਘ ਪਿੰਡ ਵਾਂਦਰ ਨੂੰ ਕਾਬੂ ਕੀਤਾ ਗਿਆ ਜੋ ਰਾਤ ਸਮੇਂ ਖੱਡਿਆ ਵਿਚੋ ਚੋਰੀ ਰੇਤਾ ਭਰਕੇ ਵੇਚਦੇ ਸਨ। ਥਾਣਾ ਸਮਾਲਸਰ ਵਿੱਚ ਇਨ੍ਹਾਂ 5 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।